HUKAMNAMA 17 JUNE, 2024 | SIKH SIKHI SIKHISM

ਸੋਮਵਾਰ, ੪ ਹਾੜ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੯੨)

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਜੋ ਜਨੁ ਭਾਉ ਭਗਤਿ ਕਛੁ ਜਾਨੈ ਤਾ ਕਉ ਅਚਰਜੁ ਕਾਹੋ ॥ ਜਿਉ ਜਲੁ ਜਲ ਮਹਿ ਪੈਸਿ ਨ ਨਿਕਸੈ ਤਿਉ ਢੁਰਿ ਮਿਲਿਓ ਜੁਲਾਹੋ ॥੧॥ ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥ ਜਉ ਤਨੁ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ ॥੧॥ ਰਹਾਉ ॥ ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥ ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥੨॥੩॥

ਜਿਵੇਂ ਪਾਣੀ ਪਾਣੀ ਵਿਚ ਮਿਲ ਕੇ (ਮੁੜ) ਵੱਖਰਾ ਨਹੀਂ ਹੋ ਸਕਦਾ, ਤਿਵੇਂ (ਕਬੀਰ) ਜੁਲਾਹਾ (ਭੀ) ਆਪਾ-ਭਾਵ ਮਿਟਾ ਕੇ ਪਰਮਾਤਮਾ ਵਿਚ ਮਿਲ ਗਿਆ ਹੈ ਜੋ ਭੀ ਮਨੁੱਖ ਪ੍ਰਭੂ-ਪ੍ਰੇਮ ਤੇ ਪ੍ਰਭੂ-ਭਗਤੀ ਨਾਲ ਸਾਂਝ ਬਣਾਉਂਦਾ ਹੈ (ਉਸ ਦਾ ਪ੍ਰਭੂ ਨਾਲ ਇੱਕ-ਮਿੱਕ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਇਸ ਵਿਚ ਕੋਈ ਅਨੋਖੀ ਗੱਲ ਨਹੀਂ ਹੈ। ।੧। ਹੇ ਸੰਤ ਜਨੋ! (ਲੋਕਾਂ ਦੇ ਭਾਣੇ) ਮੈਂ ਮੱਤ ਦਾ ਕਮਲਾ ਹੀ ਸਹੀ (ਭਾਵ, ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਂਸ਼ੀ ਛੱਡ ਕੇ ਮਗਹਰ ਆ ਗਿਆ ਹਾਂ) । (ਪਰ,) ਹੇ ਕਬੀਰ! ਜੇ ਤੂੰ ਕਾਂਸ਼ੀ ਵਿਚ (ਰਹਿੰਦਾ ਹੋਇਆ) ਸਰੀਰ ਛੱਡੇਂ (ਤੇ ਮੁਕਤੀ ਮਿਲ ਜਾਏ) ਤਾਂ ਪਰਮਾਤਮਾ ਦਾ ਇਸ ਵਿਚ ਕੀਹ ਉਪਕਾਰ ਸਮਝਿਆ ਜਾਇਗਾ? ਕਿਉਂਕਿ ਕਾਂਸ਼ੀ ਵਿਚ ਤਾਂ ਉਂਞ ਹੀ ਇਹਨਾਂ ਲੋਕਾਂ ਦੇ ਖ਼ਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ, ਤਾਂ ਫਿਰ ਸਿਮਰਨ ਦਾ ਕੀਹ ਲਾਭ? ।੧।ਰਹਾਉ। (ਪਰ) ਕਬੀਰ ਆਖਦਾ ਹੈ—ਹੇ ਲੋਕੋ! ਸੁਣੋ, ਕੋਈ ਮਨੁੱਖ ਕਿਸੇ ਭੁਲੇਖੇ ਵਿਚ ਨਾਹ ਪੈ ਜਾਏ (ਕਿ ਕਾਂਸ਼ੀ ਵਿਚ ਮੁਕਤੀ ਮਿਲਦੀ ਹੈ, ਤੇ ਮਗਹਰ ਵਿਚ ਨਹੀਂ ਮਿਲਦੀ), ਜੇ ਪਰਮਾਤਮਾ (ਦਾ ਨਾਮ) ਹਿਰਦੇ ਵਿਚ ਹੋਵੇ, ਤਾਂ ਕਾਂਸ਼ੀ ਕੀਹ ਤੇ ਕਲਰਾਠਾ ਮਗਹਰ ਕੀਹ (ਦੋਹੀਂ ਥਾਈਂ ਪ੍ਰਭੂ ਵਿਚ ਲੀਨ ਹੋ ਸਕੀਦਾ ਹੈ) ।੨।੩।

Leave a Reply

Your email address will not be published. Required fields are marked *