HUKAMNAMA 14 SEPTEMBER, 2024 | SIKH SIKHI SIKHISM

ਸ਼ਨਿਚਰਵਾਰ, ੩੦ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੪੪)

ਸਲੋਕੁ ਮਃ ੩ ॥
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥ ਮਃ ੩ ॥ ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥ ਤਿਸ ਨੋ ਸੁਖੁ ਸੁਪਨੈ ਨਹੀ ਦੁਖੇ ਦੁਖਿ ਵਿਹਾਇ ॥ ਘਰਿ ਘਰਿ ਪੜਿ ਪੜਿ ਪੰਡਿਤ ਥਕੇ ਸਿਧ ਸਮਾਧਿ ਲਗਾਇ ॥ ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥ ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥ ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ ਪਉੜੀ ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥

ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ-ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ ।ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ; ਹੇ ਨਾਨਕ! (ਆਖ—) ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ।੧।ਮਨਮੁਖ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੈ, ਕਿਉਂਕਿ ਉਹ ਮਾਇਆ ਵਿਚ ਜਾ ਕੇ ਲੱਗਾ ਹੋਇਆ ਹੈ; (ਸਿੱਟਾ ਇਹ ਕਿ) ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ, (ਉਸ ਦੀ ਉਮਰ) ਸਦਾ ਦੁੱਖ ਵਿਚ ਹੀ ਗੁਜ਼ਰਦੀ ਹੈ ।ਅਨੇਕਾਂ ਪੰਡਿਤ ਲੋਕ ਪੜ੍ਹ ਪੜ੍ਹ ਕੇ ਤੇ ਸਿੱਧ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਕਈ ਕਰਮ ਕਰ ਕੇ ਥੱਕ ਗਏ ਹਨ; (ਪੜ੍ਹਨ ਨਾਲ ਤੇ ਸਮਾਧੀਆਂ ਨਾਲ) ਇਹ ਮਨ ਕਾਬੂ ਨਹੀਂ ਆਉਂਦਾ ।ਭੇਖ ਕਰਨ ਵਾਲੇ ਮਨੁੱਖ (ਭਾਵ, ਸਾਧੂ ਲੋਕ) ਕਈ ਭੇਖ ਕਰ ਕੇ ਤੇ ਅਠਾਹਠ ਤੀਰਥਾਂ ਤੇ ਨ੍ਹਾ ਕੇ ਥੱਕ ਗਏ ਹਨ; ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ ।ਵੱਡੇ ਭਾਗ ਨਾਲ ਸਤਿਗੁਰੂ ਦੀ ਕਿਰਪਾ ਰਾਹੀਂ ਭਉ ਉਪਜਦਾ ਹੈ ਤੇ ਮਨ ਵਿਚ ਆ ਕੇ ਵੱਸਦਾ ਹੈ; (ਹਰੀ ਦਾ) ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ ।ਜੋ ਮਨੁੱਖ ਜੋਤੀ-ਪ੍ਰਭੂ ਵਿਚ ਆਪਣੀ ਬ੍ਰਿਤੀ ਮਿਲਾ ਕੇ ਸੱਚੇ ਵਿਚ ਰੰਗੇ ਗਏ ਹਨ, ਉਹ ਨਿਰਮਲ ਹੋ ਗਏ ਹਨ; (ਪਰ) ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ।੨।ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ; ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ, (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ ।ਜਦੋਂ ਜਮ-ਕਾਲ ਨੇ ਫੜ ਕੇ ਅੱਗੇ ਲਾ ਲਿਆ, ਤਾਂ (ਜੀਵ) ਡਾਢਾ ਭੈ-ਭੀਤ ਹੁੰਦਾ ਹੈ; (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ।੬।

Leave a Reply

Your email address will not be published. Required fields are marked *