HUKAMNAMA 08 OCTOBER, 2024 | SIKH SIKHI SIKHISM

ਮੰਗਲਵਾਰ, ੨੩ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੧੮)

ਬਿਲਾਵਲੁ ਮਹਲਾ ੫ ॥
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨੑ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥

ਪੰਜਾਬੀ ਵਿਆਖਿਆ:
ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਮੈਂ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਪ੍ਰਾਪਤ ਕਰ ਲਿਆ ਹੈ (ਇਸ ਵਾਸਤੇ) ਉਸ (ਸਾਧ ਸੰਗਤਿ) ਤੋਂ ਕਦੇ ਪਰੇ ਨਹੀਂ ਭੱਜਦਾ । (ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਆਪਣੇ ਪ੍ਰਭੂ ਦਾ ਹਰ ਵੇਲੇ ਸਿਮਰਨ ਕਰ ਕੇ (ਅਜੇਹੀ ਅਵਸਥਾ ਤੇ ਪਹੁੰਚ ਗਿਆ ਹਾਂ ਕਿ ਮੇਰੇ ਅੰਦਰੋਂ) ਦੁੱਖਾਂ ਦਾ ਟਿਕਾਣਾ ਹੀ ਦੂਰ ਹੋ ਗਿਆ ਹੈ ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ (ਆਪਣੇ ਗੁਰੂ ਦੇ) ਚਰਨਾਂ ਤੋਂ ਸਦਕੇ ਜਾਂਦਾ ਹਾਂ । ਗੁਰੂ ਦਾ ਦਰਸਨ ਕਰ ਕੇ ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਤੇ ਮੇਰੇ ਅੰਦਰ ਸਾਰੇ ਆਨੰਦ, ਸਾਰੇ ਸੁਖ ਸਾਰੇ ਚਾਉ-ਹੁਲਾਰੇ ਬਣੇ ਰਹਿੰਦੇ ਹਨ ।੧।ਰਹਾਉ। ਹੇ ਨਾਨਕ! (ਆਖ—ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪ੍ਰਭੂ ਦੀਆਂ ਕਥਾ-ਕਹਾਣੀਆਂ, ਕੀਰਤਨ, ਸਿਫ਼ਤਿ-ਸਾਲਾਹ ਦੀ ਲਗਨ—ਇਹੀ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਬਣ ਗਏ ਹਨ । (ਗੁਰੂ ਦੀ ਮੇਹਰ ਨਾਲ) ਪ੍ਰਭੂ ਜੀ (ਮੇਰੇ ਉਤੇ) ਬਹੁਤ ਖ਼ੁਸ਼ ਹੋ ਗਏ ਹਨ, ਮੈਂ ਹੁਣ ਮਨ-ਮੰਗਿਆ ਫਲ ਪ੍ਰਾਪਤ ਕਰ ਰਿਹਾ ਹਾਂ ।੨।੬।੭੦।

Leave a Reply

Your email address will not be published. Required fields are marked *