ਮੰਗਲਵਾਰ, ੨੦ ਚੇਤ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੨੨)
ਬਿਲਾਵਲੁ ਮਹਲਾ ੫ ॥
ਸੰਤ ਸਰਣਿ ਸੰਤ ਟਹਲ ਕਰੀ ॥ ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ, (ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ।੧।ਰਹਾਉ। ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ) । ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ । ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ।੧। ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ । ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ । ਹੇ ਨਾਨਕ! ਆਖ — (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ।੨।੭।੯੩।
Leave a Reply