HUKAMNAMA 02 JULY, 2024 | SIKH SIKHI SIKHISM

ਮੰਗਲਵਾਰ, ੧੯ ਹਾੜ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੧੪)

ਸੋਰਠਿ ਮਹਲਾ ੫ ॥
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥ ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥ ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ । ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ।੧। ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ।ਰਹਾਉ। (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ । ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੨। ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।੩। ਹੇ ਨਾਨਕ! ਆਖ—ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ, ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ ।੪।੧੦।੨੧।

Leave a Reply

Your email address will not be published. Required fields are marked *