HUKAMNAMA 05 SEPTEMBER, 2024 | SIKH SIKHI SIKHISM

ਵੀਰਵਾਰ, ੨੧ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੯੮)

ਜੈਤਸਰੀ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ ਹਰਿ ਗੁਣ ਗਾਵਹੁ ਮੀਤ ਹਮਾਰੇ ॥ ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ ਮਧੁਸੂਦਨ ਹਰਿ ਮਾਧੋ ਪ੍ਰਾਨਾ ॥ ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ ਹਰਿ ਹਰਿ ਨਾਮੁ ਸਦਾ ਸੁਖਦਾਤਾ ॥ ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥

ਹੇ ਭਾਈ! ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ, ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ । ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ । ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ।੧। ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰੋ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ । ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ । (ਹੇ ਮਿੱਤਰੋ! ਗੁਰੂ ਦੀ ਸਰਨ ਪਏ ਰਹੋ), ਜੇ ਗੁਰੂ ਮਿਲ ਪਏ, ਤਾਂ ਪਰਮਾਤਮਾ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ।੨। ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ (ਦੇ ਸਹਾਰੇ)! ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ । ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ।੩। ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ । ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ । ਹੇ ਨਾਨਕ! (ਆਖ—) ਹੇ ਹਰੀ! ਮੈਨੂੰ ਗੁਰੂ ਮਹਾ ਪੁਰਖ ਮਿਲਾ । ਹੇ ਗੁਰੂ! (ਤੇਰੇ ਬਖ਼ਸ਼ੇ) ਹਰਿ-ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ।੪।੧।੭।

Leave a Reply

Your email address will not be published. Required fields are marked *