HUKAMNAMA 06 April, 2024 | SIKH SIKHI SIKHISM

ਸ਼ਨਿਚਰਵਾਰ, ੨੪ ਚੇਤ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੭੧੭)

ਟੋਡੀ ਮਹਲਾ ੫ ॥ 

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ (ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ।ਰਹਾਉ। ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ।੧। ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ। ਹੇ ਨਾਨਕ! ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ।੨।੯।੨੭।

Leave a Reply

Your email address will not be published. Required fields are marked *