ਸੋਮਵਾਰ, ੨੫ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੧੫)
ਬਿਲਾਵਲੁ ਮਹਲਾ ੫ ॥
ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥ ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥੧॥ ਤਉ ਸਰਣਾਗਤਿ ਮਾਧਵੇ ਪੂਰਨ ਦਇਆਲ ॥ ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥੧॥ ਰਹਾਉ ॥ ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥ ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ ॥੨॥ ਪਰਮ ਜੋਤਿ ਪੂਰਨ ਪੁਰਖ ਸਭਿ ਜੀਅ ਤੁਮੑਾਰੇ ॥ ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥੩॥ ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥ ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥੪॥੨੭॥੫੭॥
ਹੇ ਭਾਈ! ਜਿਸ ਪ੍ਰਭੂ ਦੇ ਹੱਥਾਂ ਵਿਚ (ਹਰੇਕ) ਤਾਕਤ ਹੈ, ਉਹ ਪ੍ਰਭੂ (ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ) ਬੰਧਨ ਕੱਟ ਦੇਂਦਾ ਹੈ । (ਹੇ ਭਾਈ! ਪ੍ਰਭੂ ਦੀ ਸਰਨ ਪੈਣ ਤੋਂ ਬਿਨਾ) ਹੋਰ ਕੰਮਾਂ ਦੇ ਕਰਨ ਨਾਲ (ਇਹਨਾਂ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ (ਬੱਸ! ਹਰ ਵੇਲੇ ਇਹ ਅਰਦਾਸ ਕਰੋ—) ਹੇ ਹਰੀ! ਹੇ ਨਾਥ! ਸਾਡੀ ਰੱਖਿਆ ਕਰ ।੧। ਹੇ ਮਾਇਆ ਦੇ ਪਤੀ ਪ੍ਰਭੂ! ਹੇ (ਸਾਰੇ ਗੁਣਾਂ ਨਾਲ) ਭਰਪੂਰ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! (ਮੈਂ) ਤੇਰੀ ਸਰਨ ਆਇਆ (ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ) । (ਹੇ ਭਾਈ!) ਸ੍ਰਿਸ਼ਟੀ ਦਾ ਪਾਲਕ ਪ੍ਰਭੂ (ਜਿਸ ਮਨੁੱਖ ਦੀ) ਰੱਖਿਆ ਕਰਦਾ ਹੈ, ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ।੧।ਰਹਾਉ। (ਹੇ ਭਾਈ! ਮੰਦ-ਭਾਗੀ ਜੀਵ) ਦੁਨੀਆ ਦੀਆਂ ਆਸਾਂ, ਵਹਿਮ, ਵਿਕਾਰ, ਮਾਇਆ ਦਾ ਮੋਹ—ਇਹਨਾਂ ਵਿਚ ਹੀ ਫਸਿਆ ਰਹਿੰਦਾ ਹੈ । ਜੇਹੜੀ ਮਾਇਆ, ਨਾਲ ਤੋੜ ਸਾਥ ਨਹੀਂ ਨਿਭਣਾ, ਉਹੀ ਇਸ ਦੇ ਮਨ ਵਿਚ ਟਿਕੀ ਰਹਿੰਦੀ ਹੈ, (ਕਦੇ ਭੀ ਇਹ) ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ।੨। ਹੇ ਸਭ ਤੋਂ ਉਚੇ ਚਾਨਣ ਦੇ ਸੋਮੇ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ ਪ੍ਰਭੂ! (ਅਸੀ) ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ । ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਜਿਵੇਂ ਤੂੰ ਹੀ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈਂ) ।੩। ਹੇ ਨਾਨਕ! (ਆਖ—) ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਭ ਕੁਝ ਕਰ ਸਕਣ ਵਾਲੇ ਪ੍ਰਭੂ! (ਮੈਨੂੰ) ਆਪਣਾ ਨਾਮ ਬਖ਼ਸ਼ । (ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰ, (ਇਸੇ ਤਰ੍ਹਾਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹੈਂ ।੪।੨੭।੫੭।
Leave a Reply