ਵੀਰਵਾਰ, ੨੫ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੯੨੭)
ਰਾਮਕਲੀ ਮਹਲਾ ੫ ਰੁਤੀ ਸਲੋਕੁ
ੴ ਸਤਿਗੁਰ ਪ੍ਰਸਾਦਿ ॥
ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ ਸਲੋਕ ॥ ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥ ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥੧॥ ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ॥੨॥ ਛੰਤੁ ॥ ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ॥ ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥ ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥ ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ॥ ਬਿਨਵੰਤਿ ਨਾਨਕ ਸਰਣਿ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ॥੨॥ ਸਲੋਕ ॥ ਸਾਧਸੰਗਤਿ ਬਿਨੁ ਭ੍ਰਮਿ ਮੁਈ ਕਰਤੀ ਕਰਮ ਅਨੇਕ ॥ ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥੧॥ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥ ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥੨॥ ਛੰਤੁ ॥ ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ ॥ ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥ ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥ ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥ ਕਰਿ ਪਾਪ ਜੋਨੀ ਭੈ ਭੀਤ ਹੋਈ ਦੇਇ ਸਾਸਨ ਜਾਮ ਜੀਉ ॥ ਬਿਨਵੰਤਿ ਨਾਨਕ ਓਟ ਤੇਰੀ ਰਾਖੁ ਪੂਰਨ ਕਾਮ ਜੀਉ ॥੩॥ ਸਲੋਕ ॥ ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥ ਮਨ ਤਨ ਅੰਤਰਿ ਰਵਿ ਰਹੇ ਨਾਨਕ ਸਹਜਿ ਸੁਭਾਇ ॥੧॥ ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥ ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥੨॥ ਛੰਤੁ ॥ ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ॥ ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ ਪ੍ਰਭੁ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ॥ ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥ ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ ਸਦਾ ਮਨਿ ਭਾਵੰਦੁ ਜੀਉ ॥੪॥ ਸਲੋਕ ॥ ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥ ਹੈ ਕੋਈ ਸਾਜਨੁ ਸੰਤ ਜਨੁ ਨਾਨਕ ਪ੍ਰਭ ਮੇਲਣਹਾਰ ॥੧॥ ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥ ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥੨॥ ਛੰਤੁ ॥ ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ ॥ ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥ ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥ ਈਤ ਉਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮੇਲਹੁ ਪ੍ਰਭ ਗੁਣਤਾਸ ਜੀਉ ॥੫॥ ਸਲੋਕ ॥ ਜਲਣਿ ਬੁਝੀ ਸੀਤਲ ਭਏ ਮਨਿ ਤਨਿ ਉਪਜੀ ਸਾਂਤਿ ॥ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥੧॥ ਸਾਧ ਪਠਾਏ ਆਪਿ ਹਰਿ ਹਮ ਤੁਮ ਤੇ ਨਾਹੀ ਦੂਰਿ ॥ ਨਾਨਕ ਭ੍ਰਮ ਭੈ ਮਿਟਿ ਗਏ ਰਮਣ ਰਾਮ ਭਰਪੂਰਿ ॥੨॥ ਛੰਤੁ ॥ ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ॥ ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥ ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥ ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥ ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥ ਬਿਨਵੰਤਿ ਨਾਨਕ ਪ੍ਰਭਿ ਆਪਿ ਮੇਲੀ ਤਹ ਨ ਪ੍ਰੇਮ ਬਿਛੋਹ ਜੀਉ ॥੬॥ ਸਲੋਕ ॥ ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥ ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥੧॥ ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥ ਮਨ ਬਾਂਛਤ ਫਲ ਪਾਇਆ ਹਰਿ ਨਾਨਕ ਨਾਮ ਭਨੇ ॥੨॥ ਛੰਤੁ ॥ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ ਸਖੀ ਸਹੇਲੀ ਗਾਉ ਮੰਗਲੋ ਗ੍ਰਿਹਿ ਆਏ ਹਰਿ ਕੰਤ ਜੀਉ ॥ ਗ੍ਰਿਹਿ ਲਾਲ ਆਏ ਮਨਿ ਧਿਆਏ ਸੇਜ ਸੁੰਦਰਿ ਸੋਹੀਆ ॥ ਵਣੁ ਤ੍ਰਿਣੁ ਤ੍ਰਿਭਵਣ ਭਏ ਹਰਿਆ ਦੇਖਿ ਦਰਸਨ ਮੋਹੀਆ ॥ ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥ ਬਿਨਵੰਤਿ ਨਾਨਕ ਨਿਤ ਕਰਹੁ ਰਲੀਆ ਹਰਿ ਮਿਲੇ ਸ੍ਰੀਧਰ ਕੰਤ ਜੀਉ ॥੭॥ ਸਲੋਕ ॥ ਸੰਤ ਸਹਾਈ ਜੀਅ ਕੇ ਭਵਜਲ ਤਾਰਣਹਾਰ ॥ ਸਭ ਤੇ ਊਚੇ ਜਾਣੀਅਹਿ ਨਾਨਕ ਨਾਮ ਪਿਆਰ ॥੧॥ ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥੨॥ ਛੰਤੁ ॥ ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥ ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥ ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥ ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥ ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥ ਬਿਨਵੰਤਿ ਨਾਨਕ ਮਇਆ ਧਾਰਹੁ ਜੁਗੁ ਜੁਗੋ ਇਕ ਵੇਸੁ ਜੀਉ ॥੮॥੧॥੬॥੮॥
ਪੰਜਾਬੀ ਵਿਆਖਿਆ:
ਹੇ ਨਾਨਕ! (ਆਖ—ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ ।੧। ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ । ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ ।੨। ਛੰਤੁ । ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ । ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ । ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ । ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ । ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ । ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ । (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ ।੧। ਹੇ ਪ੍ਰਭੂ! ਤੂੰ ਉੱਦਮ-ਸਰੂਪ ਹੈਂ (ਤੇਰੇ ਵਿਚ ਰਤਾ ਭੀ ਆਲਸ ਨਹੀਂ ਹੈ), ਤੂੰ ਅਪਹੁੰਚ ਹੈਂ, ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ; ਮੈਂ ਤੇਰੇ ਸੋਹਣੇ ਚਰਨਾਂ ਤੇ ਨਮਸਕਾਰ ਕਰਦਾ ਹਾਂ । ਹੇ ਪ੍ਰਭੂ! (ਮਿਹਰ ਕਰ) ਮੈਂ (ਸਦਾ) ਉਹ ਬੋਲ ਬੋਲਾਂ ਜੋ ਤੈਨੂੰ ਚੰਗਾ ਲੱਗੇ । ਤੇਰਾ ਨਾਮ ਹੀ ਨਾਨਕ ਦਾ ਆਸਰਾ ਬਣਿਆ ਰਹੇ ।੧। ਹੇ ਨਾਨਕ! (ਆਖ—) ਹੇ ਸੱਜਣੋ! ਗੁਰੂ-ਸੰਤ ਦੀ ਸਰਨ ਪਏ ਰਹੋ । (ਗੁਰੂ ਦੀ ਰਾਹੀਂ) ਬੇਅੰਤ ਮਾਲਕ-ਪ੍ਰਭੂ ਨੂੰ ਸਿਮਰ ਕੇ, ਭਗਵਾਨ ਦਾ ਨਾਮ ਜਪ ਕੇ (ਮਨੁੱਖ) ਸੁੱਕੇ ਤੋਂ ਹਰਾ ਹੋ ਜਾਂਦਾ ਹੈ ।੨। ਛੰਤੁ । (ਹੇ ਸੱਜਣੋ! ਜਿਸ ਮਨੁੱਖ ਨੂੰ) ਪ੍ਰਭੂ-ਖਸਮ ਮਿਲ ਪੈਂਦਾ ਹੈ, ਉਸ ਦਾ ਮਨ ਉਸ ਦਾ ਤਨ ਉਸ ਦਾ (ਹਰੇਕ) ਸਾਹ ਖ਼ੁਸ਼ੀ ਨਾਲ ਮਹਿਕ ਉਠਦਾ ਹੈ, ਉਸ ਨੂੰ ਬਸੰਤ ਦੀ ਰੁਤਿ ਆਨੰਦ-ਦਾਇਕ ਪ੍ਰਤੀਤ ਹੁੰਦੀ ਹੈ, ਉਸ ਵਾਸਤੇ ਮਹੀਨਾ ਚੇਤ ਉਸ ਵਾਸਤੇ ਵੈਸਾਖ ਦਾ ਮਹੀਨਾ ਸੁਖਾਂ ਨਾਲ ਭਰਪੂਰ ਹੋ ਜਾਂਦਾ ਹੈ । ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦੇ ਸੋਹਣੇ ਚਰਨ ਆ ਵੱਸਣ, ਉਸ ਦਾ ਹਿਰਦਾ ਖਿੜ ਪੈਂਦਾ ਹੈ; ਜਿਸ ਹਿਰਦੇ-ਘਰ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆ ਵੱਸੇ, ਉਥੇ ਸਦਾ ਆਨੰਦ ਬਣਿਆ ਰਹਿੰਦਾ ਹੈ । ਹੇ ਸਹੇਲੀਏ! ਉਹ ਪ੍ਰਭੂ ਸੁੰਦਰ ਹੈ, ਸੋਹਣਾ ਹੈ, ਸੁਜਾਨ ਹੈ, (ਸਭ ਦੇ ਦਿਲ ਦੀ) ਜਾਣਨ ਵਾਲਾ ਹੈ । ਉਸ ਗੋਬਿੰਦ ਦੇ ਗੁਣ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ । ਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੇ ਚੰਗੀ ਕਿਸਮਤ ਨਾਲ ਉਸ ਦਾ ਮਿਲਾਪ ਪ੍ਰਾਪਤ ਕਰ ਲਿਆ, ਉਸ ਨੇ ਆਪਣਾ ਸਾਰਾ ਦੁੱਖ ਦੂਰ ਕਰ ਲਿਆ, ਉਸ ਦੀ ਹਰੇਕ ਆਸ ਪੂਰੀ ਹੋ ਗਈ । ਨਾਨਕ (ਭੀ ਉਸ ਦੇ ਦਰ ਤੇ) ਬੇਨਤੀ ਕਰਦਾ ਹੈ (ਤੇ ਆਖਦਾ ਹੈ—ਹੇ ਪ੍ਰਭੂ! ਜਿਹੜਾ ਭੀ ਜੀਵ) ਤੇਰੀ ਸਰਨ ਆ ਗਿਆ, (ਉਸ ਦੇ ਦਿਲੋਂ) ਮੌਤ ਦਾ ਸਹਿਮ ਦੂਰ ਹੋ ਗਿਆ ।੨। ਹੇ ਨਾਨਕ! ਗੁਰੂ ਦੀ ਸੰਗਤਿ ਤੋਂ ਵਾਂਜੀ ਰਹਿ ਕੇ ਹੋਰ ਹੋਰ ਅਨੇਕਾਂ ਕਰਮ ਕਰਦੀ ਹੋਈ ਜੀਵ-ਇਸਤ੍ਰੀ (ਮਾਇਆ ਦੇ ਮੋਹ ਵਿਚ) ਭਟਕ ਭਟਕ ਕੇ ਆਤਮਕ ਮੌਤ ਸਹੇੜ ਲੈਂਦੀ ਹੈ । ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜੀਵ-ਇਸਤ੍ਰੀ ਮਾਇਆ ਦੇ ਮੋਹ ਦੀਆਂ ਕੋਮਲ ਫਾਹੀਆਂ ਵਿਚ ਬੱਝੀ ਰਹਿੰਦੀ ਹੈ ।੧। ਹੇ ਨਾਨਕ! ਜਿਹੜੇ ਜੀਵ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ ਉਹ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, (ਆਪਣੇ ਚਰਨਾਂ ਤੋਂ) ਵਿਛੋੜਦਾ ਭੀ ਆਪ ਹੀ ਹੈ । (ਇਸ ਵਾਸਤੇ, ਹੇ ਭਾਈ!) ਉਸ ਪ੍ਰਭੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ਜਿਸ ਦਾ ਬਹੁਤ ਵੱਡਾ ਤੇਜ-ਪਰਤਾਪ ਹੈ ।੨। ਛੰਤੁ । (ਹੇ ਸਹੇਲੀਏ! ਜਿਵੇਂ) ਗਰਮੀ ਦੀ ਰੁੱਤ ਬੜੀ ਕਰੜੀ ਹੁੰਦੀ ਹੈ, ਜੇਠ ਹਾੜ ਵਿਚ ਬੜੀ ਧੁੱਪ ਪੈਂਦੀ ਹੈ (ਇਸ ਰੁੱਤੇ ਜੀਅ ਜੰਤ ਬਹੁਤ ਔਖੇ ਹੁੰਦੇ ਹਨ, ਤਿਵੇਂ ਜਿਸ) ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਵਲ ਪ੍ਰਭੂ-ਪਤੀ ਨਿਗਾਹ ਨਹੀਂ ਕਰਦਾ ਉਸ ਨੂੰ ਪੇ੍ਰਮ ਦੀ ਅਣਹੋਂਦ ਸਾੜਦੀ ਹੈ । ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਹੀਂ ਦਿੱਸਦਾ, ਉਹ ਹਾਹੁਕੇ ਲੈ ਲੈ ਮਰਦੀ ਰਹਿੰਦੀ ਹੈ, (ਮਾਇਆ ਦੇ) ਅਹੰਕਾਰ ਵਿਚ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ । ਮਾਇਆ ਦੇ ਮੋਹ ਵਿਚ ਫਸੀ ਹੋਈ ਉਹ ਪ੍ਰਭੂ-ਪਤੀ ਵਲੋਂ ਰੁੱਸੀ ਰਹਿੰਦੀ ਹੈ (ਤੇ ਸਦਾ ਇਉਂ ਤੜਫਦੀ ਰਹਿੰਦੀ ਹੈ, ਜਿਵੇਂ) ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ । (ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ) ਪਾਪ ਕਰ ਕਰ ਕੇ ਘਾਬਰੀ ਰਹਿੰਦੀ ਹੈ, ਉਸ ਨੂੰ ਜਮਰਾਜ ਸਦਾ ਸਜ਼ਾ ਦੇਂਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਭ ਦੀਆਂ ਕਾਮਨਾ ਪੂਰੀਆਂ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) ।੩।ਹੇ ਨਾਨਕ! (ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਆਪਣੇ) ਪ੍ਰੀਤਮ-ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਉਸ (ਪ੍ਰੀਤਮ ਤੋਂ ਬਿਨਾ) ਰਤਾ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦੀ । ਬਿਨਾ ਕਿਸੇ ਉਚੇਚੇ ਜਤਨ ਦੇ ਹੀ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੀਤਮ ਹਰ ਵੇਲੇ ਟਿਕਿਆ ਰਹਿੰਦਾ ਹੈ ।੧। ਹੇ ਨਾਨਕ! ਅਨੇਕਾਂ ਜਨਮਾਂ ਤੋਂ ਚਲੇ ਆ ਰਹੇ ਮਿੱਤਰ ਸੱਜਣ-ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦਾ) ਹੱਥ ਫੜ ਕੇ (ਉਸ ਨੂੰ ਆਪਣਾ) ਬਣਾ ਲਿਆ, ਉਸ ਨੂੰ ਆਪਣਾ ਹਾਰਦਿਕ ਪਿਆਰ ਦੇ ਕੇ ਉਸ ਨੇ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ ।੨। ਛੰਤੁ । (ਹੇ ਸਹੇਲੀਏ! ਜਿਵੇਂ) ਵਰਖਾ-ਰੁੱੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ਵਿਚ (ਵਰਖਾ ਦੇ ਕਾਰਨ) ਬੜੀਆਂ ਮੌਜਾਂ ਬਣੀਆਂ ਰਹਿੰਦੀਆਂ ਹਨ, ਬੱਦਲ ਝੁਕ ਝੁਕ ਕੇ ਵਰ੍ਹਦੇ ਹਨ, ਤਲਾਬਾਂ-ਛੱਪੜਾਂ ਵਿਚ, ਧਰਤੀ ਦੇ ਟੋਇਆਂ ਵਿਚ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰ ਜਾਂਦਾ ਹੈ, (ਤਿਵੇਂ ਜਿਨ੍ਹਾਂ ਦੇ ਹਿਰਦੇ-) ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕਾ-ਨਕਾ ਭਰ ਜਾਂਦੇ ਹਨ, ਉਹਨਾਂ ਨੂੰ ਪਰਮਾਤਮਾ ਸਭਨੀਂ ਥਾਈਂ ਦਿੱਸਣ ਲੱਗ ਪੈਂਦਾ ਹੈ । ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਹਨਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ । ਹੇ ਸਹੇਲੀਏ! ਜਿਹੜੇ ਵਡਭਾਗੀ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਟਿਕ ਕੇ ਮਾਇਆ ਦੇ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਹੋ ਜਾਂਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਕੋਈ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉਤੇ ਤ੍ਰੱüਠਿਆ ਰਹਿੰਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਏ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ ।੪। ਹੇ ਨਾਨਕ! (ਆਖ—ਪ੍ਰਭੂ ਦੇ ਦਰਸ਼ਨ ਦੀ) ਆਸ (ਰੱਖ ਕੇ) ਦਰਸ਼ਨ ਦੀ ਤਾਂਘ ਨਾਲ ਮੈਂ (ਭਾਲ ਕਰਦੀ) ਫਿਰਦੀ ਹਾਂ ਕਿ ਕਦੋਂ ਮੈਂ ਗੋਪਾਲ-ਪ੍ਰਭੂ ਦਾ ਦਰਸ਼ਨ ਕਰ ਸਕਾਂ । (ਮੈਂ ਭਾਲਦੀ ਹਾਂ ਕਿ) ਕੋਈ ਸੱਜਣ ਸੰਤ ਜਨ ਮੈਨੂੰ ਲੱਭ ਪਏ ਜੋ ਮੈਨੂੰ ਪ੍ਰਭੂ ਨਾਲ ਮਿਲਾਣ ਦੀ ਸਮਰੱਥਾ ਰੱਖਦਾ ਹੋਵੇ ।੧। ਹੇ ਨਾਨਕ! (ਆਖ—ਪਰਮਾਤਮਾ ਨੂੰ) ਮਿਲਣ ਤੋਂ ਬਿਨਾ (ਹਿਰਦੇ ਵਿਚ) ਠੰਢ ਨਹੀਂ ਪੈਂਦੀ, ਰਤਾ ਜਿਤਨੇ ਸਮੇ ਲਈ ਭੀ (ਸ਼ਾਂਤੀ ਨਾਲ) ਰਿਹਾ ਨਹੀਂ ਜਾ ਸਕਦਾ । ਪ੍ਰਭੂ ਦੇ ਸੰਤ ਜਨਾਂ ਦੀ ਸਰਨੀ ਪਿਆਂ (ਕੋਈ ਨ ਕੋਈ ਗੁਰਮੁਖ ਦਰਸ਼ਨ ਦੀ) ਆਸ ਪੂਰੀ ਕਰ (ਹੀ) ਦੇਂਦਾ ਹੈ ।੨। ਛੰਤੁ! (ਹੇ ਸਹੇਲੀਏ! ਜਦੋਂ) ਅੱਸੂ ਕੱਤਕ ਵਿਚ ਮਿੱਠੀ ਮਿੱਠੀ ਰੁੱਤ ਦਾ ਆਰੰਭ ਹੁੰਦਾ ਹੈ, (ਤਦੋਂ ਹਿਰਦੇ ਵਿਚ) ਪ੍ਰਭੂ (ਦੇ ਮਿਲਾਪ) ਦੀ ਤਾਂਘ ਉਪਜਦੀ ਹੈ । (ਜਿਸ ਜੀਵ-ਇਸਤ੍ਰੀ ਦੇ ਅੰਦਰ ਇਹ ਬਿਰਹੋਂ ਅਵਸਥਾ ਪੈਦਾ ਹੁੰਦੀ ਹੈ, ਉਹ) ਦੀਦਾਰ ਕਰਨ ਵਾਸਤੇ ਭਾਲ ਕਰਦੀ ਫਿਰਦੀ ਹੈ ਕਿ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨਾਲ ਕਦੋਂ ਮੇਲ ਹੋਵੇ । ਨਾਨਕ ਬੇਨਤੀ ਕਰਦਾ ਹੈ—(ਹੇ ਸਹੇਲੀਏ!) ਪਿਆਰੇ ਖਸਮ (ਦੇ ਮਿਲਾਪ) ਤੋਂ ਬਿਨਾ (ਉਸ ਦੇ ਮਿਲਾਪ ਦੇ) ਸੁਖ ਦੀ ਸਾਰ ਨਹੀਂ ਪੈ ਸਕਦੀ, ਹਾਰ ਕੰਙਣ (ਆਦਿਕ ਸਿੰਗਾਰ ਸਗੋਂ) ਦੁਖਦਾਈ ਲੱਗਦੇ ਹਨ । ਇਸਤ੍ਰੀ ਸੋਹਣੀ ਹੋਵੇ, ਸਿਆਣੀ ਹੋਵੇ, ਚਤੁਰ ਹੋਵੇ, ਵਿੱਦਿਆ-ਵਤੀ ਹੋਵੇ (ਪਤੀ ਦੇ ਮਿਲਾਪ ਤੋਂ ਬਿਨਾ ਇਉਂ ਹੀ ਹੈ, ਜਿਵੇਂ) ਸਾਹ ਆਉਣ ਤੋਂ ਬਿਨਾ ਸਰੀਰ । (ਇਹੀ ਹਾਲ ਹੁੰਦਾ ਹੈ ਜੀਵ-ਇਸਤ੍ਰੀ ਦਾ, ਜੇ ਪ੍ਰਭੂ-ਮਿਲਾਪ ਤੋਂ ਵਾਂਜੀ ਰਹੇ) ਆਸੇ ਪਾਸੇ ਦਸੀਂ ਪਾਸੀਂ ਵੇਖ-ਭਾਲ ਕਰਦੀ ਹੈ, ਉਸ ਦੇ ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਬਣੀ ਰਹਿੰਦੀ ਹੈ । (ਉਹ ਸੰਤ ਜਨਾਂ ਅੱਗੇ ਬੇਨਤੀ ਕਰਦੀ ਰਹਿੰਦੀ ਹੈ—ਹੇ ਸੰਤ ਜਨੋਂ!) ਕਿਰਪਾ ਕਰ ਕੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਦਿਉ ।੫।ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੂੰ) ਪੂਰਨ ਪ੍ਰਭੂ ਜੀ ਮਿਲ ਪਏ (ਉਹਨਾਂ ਦੇ ਅੰਦਰੋਂ) ਹੋਰ ਹੋਰ ਪਾਸੇ ਦੀ ਭਟਕਣਾ ਦੂਰ ਹੋ ਗਈ; (ਉਹਨਾਂ ਦੇ ਅੰਦਰੋਂ) ਤਿ੍ਰਸ਼ਨਾ ਦੀ ਅੱਗ ਬੁੱਝ ਗਈ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਗਏ, (ਉਹਨਾਂ ਦੇ) ਮਨ ਵਿਚ (ਉਹਨਾਂ ਦੇ) ਤਨ ਵਿਚ ਸ਼ਾਂਤੀ ਪੈਦਾ ਹੋ ਗਈ ।੧। ਹੇ ਨਾਨਕ! ਪ੍ਰਭੂ ਨੇ ਆਪ (ਹੀ) ਗੁਰੂ ਨੂੰ (ਜਗਤ ਵਿਚ) ਭੇਜਿਆ । (ਗੁਰੂ ਨੇ ਆ ਕੇ ਦੱਸਿਆ ਕਿ) ਪਰਮਾਤਮਾ ਅਸਾਂ ਜੀਵਾਂ ਤੋਂ ਦੂਰ ਨਹੀਂ ਹੈ, (ਗੁਰੂ ਨੇ ਦੱਸਿਆ ਕਿ) ਸਰਬ-ਵਿਆਪਕ ਪਰਮਾਤਮਾ ਦਾ ਸਿਮਰਨ ਕਰਨ ਨਾਲ ਮਨ ਦੀਆਂ ਭਟਕਣਾਂ ਅਤੇ ਸਾਰੇ ਡਰ ਦੂਰ ਹੋ ਜਾਂਦੇ ਹਨ ।੨। ਛੰਤੁ । ਹੇ ਭਾਈ! ਮੰਘਰ ਮੋਹ ਦੇ ਮਹੀਨੇ ਵਿਚ ਸਿਆਲ ਦੀ ਰੁੱਤ (ਆ ਕੇ) ਠੰਢ ਵਰਤਾਂਦੀ ਹੈ, (ਇਸੇ ਤਰ੍ਹਾਂ ਜਿਸ ਜੀਵ ਦੇ ਹਿਰਦੇ ਵਿਚ) ਪਰਮਾਤਮਾ ਦਾ ਪਰਕਾਸ਼ ਆ ਹੁੰਦਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ, ਉਸ ਦੇ ਅੰਦਰੋਂ ਤਿ੍ਰਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਦੇ ਅੰਦਰੋਂ ਮਾਇਆ ਦੇ ਵਲ-ਛਲ ਮੁੱਕ ਜਾਂਦੇ ਹਨ । ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਪ੍ਰਭੂ ਦੇ ਜਿਸ ਚਰਨ-ਸੇਵਕ ਨੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਉਸ ਦੀਆਂ ਮਨੋ-ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ । (ਜਿਵੇਂ ਪਤੀ-ਮਿਲਾਪ ਨਾਲ ਇਸਤ੍ਰੀ ਦੇ) ਹਾਰ ਡੋਰ ਆਦਿਕ ਸਾਰੇ ਸ਼ਿੰਗਾਰ (ਸਫਲ ਹੋ ਜਾਂਦੇ ਹਨ, ਇਸੇ ਤਰ੍ਹਾਂ ਪ੍ਰਭੂ-ਪਤੀ ਦੇ ਮਿਲਾਪ ਵਿਚ ਹੀ ਜੀਵ-ਇਸਤ੍ਰੀ ਲਈ) ਸਾਰੇ ਆਨੰਦ ਹਨ (ਤਾਂ ਤੇ, ਹੇ ਭਾਈ!) ਅਲੱਖ ਅਭੇਵ ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ । ਹੇ ਭਾਈ! ਗੋਬਿੰਦ ਦਾ ਪ੍ਰੇਮ ਮੰਗਦਿਆਂ ਗੋਬਿੰਦ ਦੀ ਭਗਤੀ (ਦੀ ਦਾਤਿ) ਮੰਗਦਿਆਂ ਮੌਤ ਦਾ ਸਹਿਮ ਕਦੇ ਪੋਹ ਨਹੀਂ ਸਕਦਾ । ਨਾਨਕ ਬੇਨਤੀ ਕਰਦਾ ਹੈ—ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ, ਉਸ ਦੇ ਹਿਰਦੇ ਵਿਚ ਪ੍ਰਭੂ-ਪਿਆਰ ਦੀ ਅਣਹੋਂਦ ਨਹੀਂ ਹੁੰਦੀ ।੬। ਹੇ ਨਾਨਕ! ਸੰਤਾਂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਮਿੱਤਰ ਪ੍ਰਭੂ ਜੀ ਪਰਗਟ ਹੋ ਪਏ, ਜਿਸ ਭਾਗਾਂ ਵਾਲੀ ਜੀਵ-ਇਸਤ੍ਰੀ ਨੇ ਪ੍ਰਭੂ ਦਾ ਨਾਮ-ਧਨ ਹਾਸਲ ਕਰ ਲਿਆ, ਉਸ ਦਾ ਚਿੱਤ (ਕਦੇ ਮਾਇਆ ਵਾਲੇ ਪਾਸੇ) ਡੋਲਦਾ ਨਹੀਂ ।੧। ਹੇ ਨਾਨਕ! ਪਰਮਾਤਮਾ ਦਾ ਨਾਮ ਉਚਾਰਿਆਂ ਮਨ-ਮੰਗੀਆਂ ਮੁਰਾਦਾਂ ਮਿਲ ਜਾਂਦੀਆਂ ਹਨ, ਪਿਆਰੇ ਪ੍ਰੀਤਮ-ਪ੍ਰਭੂ ਦੇ ਚਰਨਾਂ ਵਿਚ ਜੁੜਿਆਂ (ਮਾਨੋ, ਅਨੇਕਾਂ) ਰਾਗਾਂ ਤਮਾਸ਼ਿਆਂ ਤੇ ਕੌਤਕਾਂ ਦੇ ਆਨੰਦ (ਮਾਣ ਲਈਦੇ ਹਨ) ।੨। ਛੰਤੁ । (ਹੇ ਸਹੇਲੀਓ!) ਮਾਘ (ਦਾ ਮਹੀਨਾ) ਫੱਗਣ (ਦਾ ਮਹੀਨਾ, ਇਹ ਦੋਵੇਂ ਭੀ ਬੜੀਆਂ) ਖ਼ੂਬੀਆਂ ਵਾਲੇ ਹਨ, (ਇਹਨਾਂ ਮਹੀਨਿਆਂ ਦੀ) ਬਰਫ਼ਾਨੀ ਰੁੱਤ ਮਨਾਂ ਵਿਚ ਪਿਆਰੀ ਲੱਗਦੀ ਹੈ, (ਇਸੇ ਤਰ੍ਹਾਂ ਜਿਸ ਹਿਰਦੇ ਵਿਚ ਠੰਢ ਦਾ ਪੁੰਜ ਪ੍ਰਭੂ ਆ ਵੱਸਦਾ ਹੈ, ਉਥੇ ਭੀ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ) । ਹੇ ਸਹੇਲੀਓ! ਤੁਸੀ (ਸ਼ਾਂਤੀ ਦੇ ਸੋਮੇ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ । (ਜਿਹੜੀ-ਜੀਵ-ਇਸਤ੍ਰੀ ਇਹ ਉੱਦਮ ਕਰਦੀ ਹੈ, ਉਸ ਦੇ) ਹਿਰਦੇ-ਘਰ ਵਿਚ ਪ੍ਰਭੂ-ਪਤੀ ਆ ਪਰਗਟਦਾ ਹੈ । ਹੇ ਸਹੇਲੀਓ! (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) ਪ੍ਰੀਤਮ ਪ੍ਰਭੂ ਜੀ ਆ ਵੱਸਦੇ ਹਨ, (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਵਿਚ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ, (ਉਸ ਦੇ ਹਿਰਦੇ ਦੀ) ਸੇਜ ਸੋਹਣੀ ਸੁੰਦਰ ਹੋ ਜਾਂਦੀ ਹੈ । ਉਹ ਜੀਵ-ਇਸਤ੍ਰੀ (ਉਸ ਸਰਬ-ਵਿਆਪਕ ਦਾ) ਦਰਸ਼ਨ ਕਰ ਕੇ ਮਸਤ ਰਹਿੰਦੀ ਹੈ, ਉਸ ਨੂੰ ਜੰਗਲ, ਘਾਹ-ਬੂਟ, ਤਿੰਨ ਭਵਨ ਹਰੇ-ਭਰੇ ਦਿੱਸਦੇ ਹਨ । ਹੇ ਸਹੇਲੀਓ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ, ਜਿਹੜੀ ਜੀਵ-ਇਸਤ੍ਰੀ ਆਪਣੇ ਮਨ ਵਿਚ ਉਸ ਦਾ ਪਵਿੱਤਰ ਨਾਮ-ਮੰਤ੍ਰ ਜਪਦੀ ਹੈ, ਉਸ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਹੇਲੀਓ! ਤੁਸੀ ਭੀ ਮਾਇਆ ਦੇ ਆਸਰੇ ਪ੍ਰਭੂ-ਪਤੀ ਨੂੰ ਮਿਲ ਕੇ ਸਦਾ ਆਤਮਕ ਆਨੰਦ ਮਾਣਿਆ ਕਰੋ ।੭।ਹੇ ਭਾਈ! ਸੰਤ ਜਨ (ਜੀਵਾਂ ਦੀ) ਜਿੰਦ ਦੇ ਮਦਦਗਾਰ (ਬਣਦੇ ਹਨ), (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦੇ ਹਨ । ਹੇ ਨਾਨਕ! ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਵਾਲੇ (ਗੁਰਮੁਖ ਜਗਤ ਵਿਚ ਹੋਰ) ਸਭ ਪ੍ਰਾਣੀਆਂ ਤੋਂ ਸੇ੍ਰਸ਼ਟ ਮੰਨੇ ਜਾਂਦੇ ਹਨ ।੧। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹੀ (ਅਸਲ) ਸੂਰਮੇ ਹਨ, ਉਹੀ (ਅਸਲ) ਬਹਾਦਰ ਹਨ । ਹੇ ਨਾਨਕ! (ਆਖ—) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਪਹੁੰਚ ਗਏ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ।੨। ਛੰਤੁ । (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਪ੍ਰਭੂ ਦੇ) ਚਰਨ ਟਿਕੇ ਰਹਿੰਦੇ ਹਨ, ਤੇ ਹੋਰ ਮਾਇਕ ਸੰਕਲਪ ਪ੍ਰਭੂ ਦੀ ਯਾਦ ਤੋਂ ਹੇਠਾਂ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ ਹਰੇਕ ਕਿਸਮ ਦਾ) ਸਾਰਾ ਦੁੱਖ ਮਿਟ ਜਾਂਦਾ ਹੈ । ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਆ ਵੱਸਦੀ ਹੈ, ਉਹਨਾਂ ਦੇ ਜਨਮ ਮਰਨ ਦੇ ਦੁੱਖ-ਕਲੇਸ਼ ਖ਼ਤਮ ਹੋ ਜਾਂਦੇ ਹਨ । ਉਹ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਸਦਾ) ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ (ਸਦਾ) ਮਸਤ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਤੋਂ ਰਤਾ ਭਰ ਸਮੇ ਲਈ ਭੀ ਨਹੀਂ ਭੁੱਲਦਾ । ਉਹ ਮਨੁੱਖ ਆਪਾ-ਭਾਵ ਤਿਆਗ ਕੇ ਸਭ ਗੁਣਾਂ ਦੇ ਮਾਲਕ ਪਰਮਾਤਮਾ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਗੁਣਾਂ ਦੇ ਖ਼ਜ਼ਾਨੇ, ਮਾਇਆ ਦੇ ਪਤੀ, ਸਾਰੀ ਸ੍ਰਿਸ਼ਟੀ ਦੇ ਮੁੱਢ ਸੁਆਮੀ ਗੋਬਿੰਦ ਨੂੰ ਸਦਾ ਨਮਸਕਾਰ ਕਰਿਆ ਕਰ, (ਤੇ ਅਰਦਾਸ ਕਰਿਆ ਕਰ—ਹੇ ਪ੍ਰਭੂ! ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਜਪਦਾ ਰਹਾਂ), ਤੂੰ ਹਰੇਕ ਜੁਗ ਵਿਚ ਇਕੋ ਅਟੱਲ ਸਰੂਪ ਵਾਲਾ ਰਹਿੰਦਾ ਹੈਂ ।੮।੧।੬।੮।
Leave a Reply