HUKAMNAMA 18 SEPTEMBER, 2024 | SIKH SIKHI SIKHISM

ਬੁੱਧਵਾਰ, ੩ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੧੩)

ਸੋਰਠਿ ਮਹਲਾ ੫ ॥
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ ਹਰਿ ਜਨ ਕਉ ਇਹੀ ਸੁਹਾਵੈ ॥ ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥ ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥ ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥ ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥ ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

ਪੰਜਾਬੀ ਵਿਆਖਿਆ:
(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ, ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ।੧।ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ । (ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ।ਰਹਾਉ।ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ, ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ । ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ।੨।ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ । ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ।੩। ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ । ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ।੪।੫।੧੬।

Leave a Reply

Your email address will not be published. Required fields are marked *