HUKAMNAMA 22 JUNE, 2024 | SIKH SIKHI SIKHISM

ਸ਼ਨਿਚਰਵਾਰ, ੯ ਹਾੜ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੭੮)

ਧਨਾਸਰੀ ਮਹਲਾ ੫ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥

ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ, ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ।ਰਹਾਉ।ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ । (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ । ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ—ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ।੧। ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ । ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ । ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ । ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ।੨।ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ । ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ।੩।੧।੨੯।

Leave a Reply

Your email address will not be published. Required fields are marked *