ਸ਼ਨਿਚਰਵਾਰ, ੯ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੪੪੬)
ਆਸਾ ਮਹਲਾ ੪ ॥
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥ ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥ ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥ ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥ ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥ ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥ ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥ ਤਿਨੑ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥ ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥ ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥ ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥ ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥ ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥ ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥ ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥ ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥ ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥ ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥ ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥ ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥ ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥ ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
(ਹੇ ਭਾਈ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗ ਗਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ । ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਸਿਮਰਨ ਕੀਤਾ, ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ, ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖੇ ਹੋਏ ਪਹਿਲੇ ਭਾਗ ਜਾਗ ਪਏ । ਉਸ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ, ਹਰਿ-ਨਾਮ ਵਿਚ ਜੁੜ ਕੇ ਉਸ ਨੇ ਖਸਮ-ਪ੍ਰਭੂ ਨੂੰ ਲੱਭ ਲਿਆ, ਉਹ ਸਦਾ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ । ਉਸ ਦੇ ਮੱਥੇ ਉਤੇ ਪ੍ਰਭੂ-ਚਰਨਾਂ ਦੀ ਪ੍ਰੀਤਿ ਦੀ ਮਣੀ ਚਮਕ ਉਠਦੀ ਹੈ । ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ । (ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਣ ਲੱਗ ਪਈ, ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪਿਆ ।੧।(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ । (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ, ਅਸੀ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਅਸੀ ਉਹਨਾਂ ਦੇ ਹਰ ਵੇਲੇ ਪੈਰ ਧੋਂਦੇ ਹਾਂ । (ਹੇ ਭਾਈ!) ਜਿਨ੍ਹਾਂ ਨੂੰ ਪਰਮਾਤਮਾ ਪਿਆਰਾ ਲੱਗਾ, ਉਹਨਾਂ ਸਭ ਤੋਂ ਉੱਚਾ ਆਤਮਕ ਆਨੰਦ ਮਾਣਿਆ, ਉਹਨਾਂ ਦੇ ਮੂੰਹ ਉਤੇ ਚੰਗੇ ਭਾਗਾਂ ਦੀ ਸੁੰਦਰ ਮਣੀ ਚਮਕ ਪਈ । ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪਰਮਾਤਮਾ ਦੇ ਗੁਣਾਂ ਦਾ ਪਰਮਾਤਮਾ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਦਾ ਹੈ ਆਪਣੇ ਗਲ ਵਿਚ ਪਾਂਦਾ ਹੈ ਉਹ ਸਾਰੀ ਲੁਕਾਈ ਨੂੰ ਇਕ (ਪਿਆਰ-) ਨਿਗਾਹ ਨਾਲ ਇਕੋ ਜਿਹਾ ਸਮਝ ਕੇ ਵੇਖਦਾ ਹੈ, ਉਹ ਹਰ ਥਾਂ ਸਰਬ-ਵਿਆਪਕ ਪਰਮਾਤਮਾ ਨੂੰ ਵੱਸਦਾ ਪਛਾਣਦਾ ਹੈ । (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, ਉਹ ਮਨੁੱਖ ਜਗਤ ਵਿਚ ਸ੍ਰੇਸ਼ਟ ਗਿਣੇ ਜਾਂਦੇ ਹਨ ਇੱਜ਼ਤ ਵਾਲੇ ਸਮਝੇ ਜਾਂਦੇ ਹਨ ।੨।(ਹੇ ਭਾਈ!) ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ । ਉਹ ਮਨੁੱਖ ਜਿਉਂ ਜਿਉਂ ਪਰਮਾਤਮਾ ਦਾ ਨਾਮ ਆਰਾਧਦਾ ਹੈ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦਾ ਹਿਰਦਾ) ਖਿੜ ਆਉਂਦਾ ਹੈ ਉਸ ਨੂੰ ਕਿਤੇ ਭੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ । ਉਸ ਨੂੰ ਕਿਤੇ ਭੀ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਉਹ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਰਹਿੰਦਾ ਹੈ । ਜੇਹੜਾ ਮਨੁੱਖ ਇਹ ਨਾਮ-ਅੰਮ੍ਰਿਤ ਪੀਂਦਾ ਹੈ ਉਹੀ ਆਪਣੀ ਆਤਮਕ ਦਸ਼ਾ ਨੂੰ ਜਾਣਦਾ ਹੈ (ਬਿਆਨ ਨਹੀਂ ਕੀਤੀ ਜਾ ਸਕਦੀ) । ਉਹ ਮਨੁੱਖ ਹਰ ਵੇਲੇ ਪੂਰੇ ਗੁਰੂ ਦਾ ਧੰਨਵਾਦ ਕਰਦਾ ਹੈ ਕਿਉਂਕਿ ਗੁਰੂ ਦੀ ਰਾਹੀਂ ਉਹ ਪਰਮਾਤਮਾ ਨੂੰ ਮਿਲ ਪੈਂਦਾ ਹੈ ਗੁਰੂ ਦੀ ਸੰਗਤਿ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਂਦਾ ਹੈ । ਉਹ ਮਨੁੱਖ ਸਦਾ ਹਰਿ-ਨਾਮ ਹੀ ਸਿਮਰਦਾ ਹੈ ਹਰਿ-ਨਾਮ ਹੀ ਆਰਾਧਦਾ ਹੈ । ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਨੂੰ ਕੋਈ ਹੋਰ ਚੀਜ਼ ਪਿਆਰੀ ਨਹੀਂ ਲੱਗਦੀ । (ਹੇ ਭਾਈ!) ਹਰਿ-ਨਾਮ ਦੇ ਰਸ ਨਾਲ ਰਸੀ ਹੋਈ ਸਾਧ-ਸੰਗਤਿ ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਿਆਰੀ ਲੱਗਦੀ ਹੈ ਉਸ ਨੂੰ ਸੰਗਤਿ ਵਿਚ ਹਰਿ-ਨਾਮ ਦਾ ਸੁਆਦ ਪ੍ਰਾਪਤ ਹੁੰਦਾ ਹੈ ।੩।ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ । ਹੇ ਹਰੀ! ਅਸੀ (ਮਾਇਆ ਦੇ) ਮੋਹ ਦੇ ਚਿੱਕੜ ਵਿਚ ਫਸੇ ਹੋਏ ਹਾਂ, ਆਤਮਕ ਜੀਵਨ ਵਲੋਂ ਅਸੀ ਡਿੱਗਦੇ ਜਾ ਰਹੇ ਹਾਂ, ਹੇ ਪ੍ਰਭੂ! ਸਾਨੂੰ ਆਪਣੀ ਬਾਂਹ ਫੜਾ । (ਹੇ ਭਾਈ! ਜਿਸ ਮਨੁੱਖ ਨੂੰ) ਪ੍ਰਭੂ ਨੇ ਆਪਣੀ ਬਾਂਹ ਫੜਾ ਦਿੱਤੀ ਉਸ ਨੇ ਸ੍ਰੇਸ਼ਟ ਮਤਿ ਪ੍ਰਾਪਤ ਕਰ ਲਈ, ਉਹ ਮਨੁੱਖ ਗੁਰੂ ਦੀ ਸਰਨ ਜਾ ਪਿਆ, ਉਹ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਰਿ-ਨਾਮ ਸਿਮਰਨ ਲੱਗ ਪਿਆ, ਉਸ ਦੇ ਮੂੰਹ ਉਤੇ ਉਸ ਦੇ ਮੱਥੇ ਉੱਤੇ ਚੰਗਾ ਭਾਗ ਜਾਗ ਪਿਆ । ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ । ਹੇ ਹਰੀ! ਹੇ ਪ੍ਰਭੂ! ਮੇਹਰ ਕਰ, ਸਾਨੂੰ ਕਠੋਰ-ਦਿਲਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, ਗੁਰੂ ਦੇ ਸ਼ਬਦ ਵਿਚ ਜੋੜ ਕੇ, ਆਪਣੇ ਪ੍ਰੇਮ ਵਿਚ ਜੋੜ ਕੇ ਸਾਨੂੰ (ਮੋਹ ਦੇ ਚਿੱਕੜ ਵਿਚੋਂ) ਕੱਢ ਲੈ ।੪।੫।੧੨।
Leave a Reply