HUKAMNAMA 24 JULY, 2024 | SIKH SIKHI SIKHISM

ਬੁੱਧਵਾਰ, ੯ ਸਾਵਣ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੪੮੯)

ਗੂਜਰੀ ਮਹਲਾ ੧ ॥
ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥ ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥ ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥

(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ।੧। ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ । ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ।੧।ਰਹਾਉ। ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤਿ੍ਰਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ । ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ । ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ।੨। ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ । (ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ।੩। ਹੇ ਨਾਨਕ! (ਅਰਦਾਸ ਕਰ—) ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ! ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ । ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ।੪।੨।

Leave a Reply

Your email address will not be published. Required fields are marked *