HUKAMNAMA 24 MARCH, 2024 | SIKH SIKHI SIKHISM

ਐਤਵਾਰ, ੧੧ ਚੇਤ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੬੮)

ਧਨਾਸਰੀ ਮਹਲਾ ੪॥

ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥

ਹੇ ਹਰੀ! ਹੇ ਸੁਆਮੀ! ਮੈਂ ਪਪੀਹਾ ਤੇਰੇ ਨਾਮ-ਬੂੰਦ ਵਾਸਤੇ ਤੜਫ਼ ਰਿਹਾ ਹਾਂ। ਮੇਹਰ ਕਰ, ਤੇਰਾ ਨਾਮ ਮੇਰੇ ਵਾਸਤੇ (ਸ੍ਵਾਂਤੀ) ਬੂੰਦ ਬਣ ਜਾਏ। ਹੇ ਹਰੀ! ਹੇ ਪ੍ਰਭੂ! ਆਪਣੀ ਮੇਹਰ ਕਰ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਹੀ ਮੇਰੇ ਮੂੰਹ ਵਿਚ ਆਪਣੇ ਨਾਮ ਦੀ ਸ੍ਵਾਂਤੀ ਬੂੰਦ ਪਾ ਦੇ।੧। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਭੀ ਰਹਿ ਨਹੀਂ ਸਕਦਾ। ਜਿਵੇਂ ਅਫ਼ੀਮ ਆਦਿਕ ਨਸ਼ੇ ਤੋਂ ਬਿਨਾ ਅਮਲੀ (ਨਸ਼ੇ ਦਾ ਆਦੀ) ਮਨੁੱਖ ਤੜਫ ਉੱਠਦਾ ਹੈ, ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਘਬਰਾ ਜਾਂਦਾ ਹਾਂ। ਰਹਾਉ। ਹੇ ਪ੍ਰਭੂ! ਤੂੰ ਗੁਣਾਂ ਦਾ ਬੜਾ ਹੀ ਡੂੰਘਾ ਸਮੁੰਦਰ ਹੈਂ, ਅਸੀ ਤੇਰੀ ਡੂੰਘਾਈ ਦਾ ਅੰਤ ਰਤਾ ਭਰ ਭੀ ਨਹੀਂ ਲੱਭ ਸਕਦੇ। ਤੂੰ ਪਰੇ ਤੋਂ ਪਰੇ ਹੈਂ, ਤੂੰ ਬੇਅੰਤ ਹੈਂ। ਹੇ ਸੁਆਮੀ! ਤੂੰ ਕਿਹੋ ਜਿਹਾ ਹੈਂ ਤੇ ਕਿਤਨਾ ਵੑਡਾ ਹੈਂ-ਇਹ ਭੇਤ ਤੂੰ ਆਪ ਹੀ ਜਾਣਦਾ ਹੈਂ।੨। ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹ ਗੁਰੂ ਦੇ ਬਖ਼ਸ਼ੇ ਹੋਏ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੇ ਗਏ, ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ, ਉਹਨਾਂ ਨੂੰ ਲੋਕ ਪਰਲੋਕ ਵਿਚ ਬੜੀ ਸੋਭਾ ਮਿਲੀ। ਜਿਨੑਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ।੩। ਪਰ, ਹੇ ਭਾਈ! ਭਗਤੀ ਕਰਨ ਦੀ ਵਿਓਂਤ ਪ੍ਰਭੂ ਆਪ ਹੀ ਬਣਾਂਦਾ ਹੈ (ਢੋ ਆਪ ਹੀ ਢੁਕਾਂਦਾ ਹੈ), ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ। ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈਂ।੪।੫।

Leave a Reply

Your email address will not be published. Required fields are marked *