HUKAMNAMA 26 AUGUST, 2024 | SIKH SIKHI SIKHISM

ਸੋਮਵਾਰ, ੧੧ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੫੪੫)

ਬਿਹਾਗੜਾ ਮਹਲਾ ੫ ॥
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥ ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥ ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥ ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥ ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥ ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥ ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥ ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥ ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥ ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥ ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥ ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥ ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥ ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥ ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥ ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥ ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥ ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥ ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥ ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥ ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥

ਹੇ ਭਾਈ! ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ, ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ । ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ । ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ । ਨਾਨਕ ਬੇਨਤੀ ਕਰਦਾ ਹੈ—ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਹੇ ਜਿੰਦ ਤੋਂ ਪਿਆਰੇ! ਮੇਹਰ ਕਰ ਕੇ ਮੈਨੂੰ ਆ ਮਿਲ ।੧। ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ; ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ । ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ । ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ, ਮੇਰਾ ਨਾਹ ਕੋਈ ਗੁਣ ਨਾਹ ਕੋਈ ਔਗੁਣ ਕੋਈ ਭੀ ਆਪਣੇ ਖ਼ਿਆਲ ਵਿਚ ਨਾਹ ਲਿਆਵੀਂ । ਹੇ ਨਾਨਕ! (ਆਖ—) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ! (ਜਿਵੇਂ) ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ (ਤਿਵੇਂ ਮੈਂ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਮੰਗਦਾ ਹਾਂ) ਤੇਰੇ ਚਰਨਾਂ ਦਾ ਧਿਆਨ ਧਰ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ । (ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਿਲਦਾ ਹੈ । ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ । ਹੇ ਭਾਈ! ਜਗਤ ਦੇ ਮਾਲਕ ਪਰਮਾਤਮਾ ਵਿਚ ਸਾਰੇ ਹੀ ਗੁਣ ਮੌਜੂਦ ਹਨ । ਉਹ ਸਭ ਜੀਵਾਂ ਦੇ ਸਾਰੇ ਕਾਰਜ ਸਿਰੇ ਚਾੜ੍ਹਨ ਵਾਲਾ ਹੈ, ਸਭ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ । ਜਿਸ ਮਨੁੱਖ ਦੇ ਮਨ ਤੋਂ ਉਹ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਹ ਮਨੁੱਖ ਸਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ । ਹੇ ਭਾਈ! ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ, ਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ, ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ । ਨਾਨਕ ਬੇਨਤੀ ਕਰਦਾ ਹੈ—(ਹੇ ਭਾਈ!) ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ ।੩। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕੋ੍ਰੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ, (ਭਾਵ, ਕੋ੍ਰੜਾਂ ਕੀਤੇ ਹੋਏ ਜੱਗ ਭੀ ਹਰਿ-ਨਾਮ ਦੇ ਟਾਕਰੇ ਤੇ ਤੁੱਛ ਹਨ) । ਪਰਮਾਤਮਾ ਦਾ ਨਾਮ ਜਪਦਿਆਂ (ਜਪਣ ਵਾਲੇ ਮਨੁੱਖ) ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ । ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ? ਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਹਨ (ਤੇ, ਅਰਦਾਸਾਂ ਕਰਦੇ ਰਹਿੰਦੇ ਹਨ—) ਹੇ ਪ੍ਰਾਣ-ਪਿਆਰੇ! (ਸਾਡੇ ਮਨ ਤੋਂ ਕਦੇ) ਨਾਹ ਵਿੱਸਰ । ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ । ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਸਿਰੇ ਚੜ੍ਹ ਜਾਂਦਾ ਹੈ ।੪।੩।੬।

Leave a Reply

Your email address will not be published. Required fields are marked *