ਸ਼ੁੱਕਰਵਾਰ, ੧੧ ਸਾਵਣ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੫੧੪)
ਸਲੋਕ ਮਃ ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕ੍ਰਿਤਿਆ ਪ੍ਰਭੁ ਪਾਇਆ ਕਰਮਿ ਪ੍ਰਾਪਤਿ ਹੋਇ ॥੧॥ ਮਃ ੩ ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਇ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਇ ॥ ਵਡਭਾਗੀਆ ਵਾਹੁ ਵਾਹੁ ਮੁਹੁ ਕੜਾਇ ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨਿ ਕਉ ਪਰਜਾ ਪੂਜਣਿ ਆਇ ॥ ਵਾਹੁ ਵਾਹੁ ਕਰਿਮਿ ਪ੍ਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਇ ॥੨॥ ਪਉੜੀ ॥ ਬਜਰ ਕਪਾਟ ਕਾਇਆ ਗੜ੍ਹ ਭੀਤਿਰ ਕੂੜੁ ਕੁਸਤੁ ਅਭਿਮਾਨੀ ॥ ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖਿ ਅੰਧ ਅਗਿਆਨੀ ॥ ਉਪਾਇ ਕਿਤੈ ਨ ਲਭਣੀ ਕਰਿ ਭੇਖ ਠਕੇ ਭੇਖਵਾਨੀ ॥ ਗੁਰ ਸਬਦੀ ਖੋਲਿਆਂ ਹਿਰ ਨਾਮੁ ਜਪਾਨੀ ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥
ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ ‘ਵਾਹ ਵਾਹ’ ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ। ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸਬਦ ਦੀ ਰਾਹੀਂ (ਮਨੁੱਖ ਪਾਸੋਂ) ‘ਵਾਹੁ ਵਾਹੁ’ ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ)। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ। ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ।੧। ਗੁਰੂ ਦੇ ਸਬਦ ਦੁਆਰਾ ‘ਵਾਹੁ ਵਾਹੁ’ ਆਖਦੀ ਜੀਭ ਸੋਹਣੀ ਲੱਗਦੀ ਹੈ, ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸਬਦ ਦੀ ਰਾਹੀਂ ਹੈ। ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ ‘ਵਾਹੁ ਵਾਹੁ’ ਅਖਵਾਂਦਾ ਹੈ। ਜੋ ਮਨੁੱਖ ‘ਵਾਹੁ ਵਾਹੁ’ ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਣ ਪਰਸਣ ਆਉਂਦੀ ਹੈ। ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ ।੨। ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸ਼ਤ-ਰੂਪ ਕੜੇ ਫਾਟਕ ਲੱਗੇ ਹੋਏ ਹਨ, ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰਕੇ ਦਿੱਸਦੇ ਨਹੀਂ ਹਨ। ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਵੀ ਕਿਸੇ ਉਪਾਅ ਕਰਨ ਨਾਲ (ਇਹ ਫਾਟਕ) ਨਹੀਂ ਦਿੱਸਦੇ। (ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸਬਦ ਦੀ ਬਰਕਤ ਨਾਲ ਖੁਲ੍ਹਦੇ ਹਨ। ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ ।੧੪।
Leave a Reply