HUKAMNAMA 30 April, 2024 | SIKH SIKHI SIKHISM

ਮੰਗਲਵਾਰ, ੧੮ ਵੈਸਾਖ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੭੨੩)

ਤਿਲੰਗ ਘਰੁ ੨ ਮਹਲਾ ੫ ॥

ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ । (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ । ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ।੧। ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ । ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ।ਰਹਾਉ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ । ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ । ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ।੨। ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ । ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ । ਹੇ ਨਾਨਕ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ।੩। ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ । ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ । ਹੇ ਨਾਨਕ! ਆਖ—ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ।੪।੨।

Leave a Reply

Your email address will not be published. Required fields are marked *