HUKAMNAMA 30 MAY, 2024 | SIKH SIKHI SIKHISM

ਵੀਰਵਾਰ, ੧੭ ਜੇਠ (ਸੰਮਤ ੫੫੬ ਨਾਨਕਸ਼ਾਹੀ)
(ਅੰਗ : ੪੯੭)

ਗਉੜੀ ਮਹਲਾ ੫ ॥
ਜਿਸੁ ਮਨੁਖ ਪਹਿ ਕਰਉ ਬੇਨਤੀ ਸੋ ਆਪਣੇ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਟੈ ॥੧॥ ਰਹਾਉ ॥ ਮਾਇਆ ਕੇ ਸੰਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚੁ ਕੁਲੁ ਊਚਾ ਤਿਸੁ ਸੰਗਿ ਮਨਿ ਬਾਛਤ ਫਲੁ ਪਾਇਆ ॥੨॥ ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥ ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥ ਫਿਰਤ ਫਿਰਤ ਤੁਮ੍ਹ੍ਹਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥ ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥

ਹੇ ਭਾਈ! ਮੈੰ ਜਿਥੇ ਵੀ ਆਪਣੇ ਦੁੱਖ ਦੀ ਗੱਲ ਕਰਦਾ ਹਾਂ, ਉਹ ਬੰਦਾ ਆਪਣੇ ਹੀ ਦੁੱਖ ਨਾਲ ਭਰਿਆ ਹੁੰਦਾ ਹੈ, ਉਹ ਮੇਰਾ ਦੁੱਖ ਕਿਵੇਂ ਦੂਰ ਕਰ ਸਕਦਾ ਹੈ? ਹੇ ਭਾਈ! ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਹੈ, ਉਸ ਨੇ ਹੀ ਇਸ ਡਰਾਂ ਵਾਲੇ ਸੰਸਾਰ-ਸਮੁੰਦਰ ਨੂੰ ਪਾਰ ਕੀਤਾ ਹੈ। ||੧|| ਹੇ ਭਾਈ! ਗੁਰੂ ਤੋਂ ਬਿਨਾ, ਪਰਮਾਤਮਾ ਤੋਂ ਬਿਨਾ, ਕੋਈ ਹੋਰ ਕਿਸੇ ਦਾ ਦੁੱਖ ਕੱਟ ਨਹੀਂ ਸਕਦਾ। ਪਰਮਾਤਮਾ ਨੂੰ ਛੱਡ ਕੇ ਜੇ ਕਿਸੇ ਹੋਰ ਦੀ ਸੇਵਾ ਕਰੀਏ, ਤਾਂ ਇਸ ਕਾਰਨ ਇੱਜ਼ਤ, ਵਡਿਆਈ ਅਤੇ ਸੋਭਾ ਘਟ ਜਾਂਦੀ ਹੈ। ||੧|| ਰਹਾਉ || ਹੇ ਭਾਈ! ਮਾਇਆ ਦੇ ਕਾਰਨ ਬਣੇ ਹੋਏ ਇਹ ਰਿਸ਼ਤੇਦਾਰ ਦੁੱਖ ਦੂਰ ਕਰਨ ਵਿੱਚ ਕਿਸੇ ਵੀ ਕੰਮ ਨਹੀਂ ਆਉਂਦੇ। ਪਰਮਾਤਮਾ ਦਾ ਭਗਤ ਜੇ ਹੇਠਲੀ ਕੁਲ ਦਾ ਵੀ ਹੋਵੇ, ਉਸ ਨੂੰ ਉੱਚਾ ਜਾਣੋ, ਉਸ ਦੀ ਸੰਗਤ ਨਾਲ ਮਨ ਇੱਛਤ ਫਲ ਪ੍ਰਾਪਤ ਹੋ ਜਾਂਦੇ ਹਨ। ||੨|| ਹੇ ਭਾਈ! ਜੇ ਮਾਇਆ ਦੇ ਲੱਖਾਂ-ਕਰੋੜਾਂ ਸੁਆਦਲੇ ਭੋਜਨ ਹੋਣ, ਉਹਨਾਂ ਨਾਲ ਭੁੱਖ ਦੂਰ ਨਹੀਂ ਹੁੰਦੀ। ਪਰਮਾਤਮਾ ਦੇ ਨਾਮ ਨੂੰ ਯਾਦ ਕਰਨ ਨਾਲ ਅੰਦਰ, ਮਾਨੋ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਤੇ ਅੰਦਰ ਉਹ ਕੀਮਤੀ ਨਾਮ-ਪਦਾਰਥ ਦਿਸ ਪੈਂਦਾ ਹੈ ਜਿਸ ਤਕ ਗਿਆਨ-ਇੰਦ੍ਰੀਆਂ ਦੀ ਪਹੁੰਚ ਨਹੀਂ ਹੋ ਸਕਦੀ। ||੩|| ਹੇ ਨਾਨਕ! ਆਖ- ਹੇ ਪ੍ਰਭੂ ਪਾਤਿਸਾਹ! ਹੇ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਹਰੀ! ਜਿਹੜਾ ਮਨੁੱਖ ਭਟਕਦਾ-ਭਟਕਦਾ ਆਖਰ ਤੇਰੇ ਦਰ ਤੇ ਆ ਪਹੁੰਚਦਾ ਹੈ, ਉਹ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਤੇ ਤੇਰੇ ਦਰ ਤੋਂ ਇਹ ਸੁਖ ਪ੍ਰਾਪਤ ਕਰਦਾ ਹੈ। ||੪||੬||੭||

Leave a Reply

Your email address will not be published. Required fields are marked *