ਵੀਰਵਾਰ, ੨੦ ਵੈਸਾਖ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੦੭)
ਸੋਰਠਿ ਮਹਲਾ ੪ ॥
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥ ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥੩॥ ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥
ਸੁਆਮੀ ਦੇ ਪ੍ਰੇਮ ਨਾਲ, ਮੇਰੇ ਹਿਰਦੇ ਦਾ ਧੁਰਾ ਵਿੰਨ੍ਹਿਆ ਹੋਇਆ ਹੈ ਅਤੇ ਵਾਹਿਗੁਰੂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ। ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾ ਨਾਸ ਹੋ ਜਾਂਦੀ ਹੈ, ਉਸੇ ਤਰ੍ਹਾਂ ਮੈਂ ਪ੍ਰਭੂ ਦੇ ਨਾਮ ਤੋਂ ਬਿਨਾ ਮਰ ਗਿਆ ਹਾਂ। ਹੇ ਮੇਰੇ ਮਾਲਕ, ਆਪਣੀ ਮਿਹਰ ਨਾਲ, ਤੂੰ ਮੈਨੂੰ ਆਪਣੇ ਨਾਮ ਦਾ ਜਲ ਬਖ਼ਸ਼। ਮੈਂ ਦਿਨ ਰਾਤ ਆਪਣੇ ਚਿੱਤ ਅੰਦਰ ਨਾਮ ਦੀ ਲਾਲਸਾ ਕਰਦਾ ਹਾਂ ਅਤੇ ਨਾਮ ਦੇ ਰਾਹੀਂ ਹੀ ਮੈਂ ਆਰਾਮ ਪਾਉਂਦਾ ਹਾਂ। ਜਿਵੇਂ ਪਪੀਹਾ ਪਾਣੀ ਤੋਂ ਬਿਨਾਂ ਰੋਂਦਾ ਹੈ ਅਤੇ ਪਾਣੀ ਤੋਂ ਬਿਨਾਂ ਉਸ ਦੀ ਪਿਆਸ ਨਹੀਂ ਬੁਝਦੀ। ਇਸੇ ਤਰ੍ਹਾਂ ਗੁਰਾਂ ਦੇ ਰਾਹੀਂ ਹੀ ਰੱਬੀ ਆਨੰਦ ਦਾ ਜਲ ਪਰਾਪਤ ਹੁੰਦਾ ਹੈ ਅਤੇ ਪ੍ਰਭੂ ਦੀ ਬਖਸ਼ਿਸ਼ ਨਾਲ ਪਰਾਪਤ ਹੁੰਦਾ ਹੈ। ਅਧਰਮੀ ਸਦਾ ਭੁੱਖੇ ਰਹਿੰਦੇ ਹਨ ਅਤੇ ਦਸਾਂ ਦਿਸ਼ਾਵਾਂ ਵਿੱਚ ਭਟਕਦੇ ਹਨ, ਨਾਮ ਦੇ ਬਾਝੋਂ ਉਹ ਦੁਖੀ ਹੁੰਦੇ ਹਨ। ਉਹ ਮਰਨ ਲਈ ਜੰਮਦੇ ਹਨ ਅਤੇ ਮੁੜ ਆਵਾਗਵਣ ਦੇ ਚੱਕਰ ਵਿੱਚ ਪੈ ਜਾਂਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ। ਜੇਕਰ ਪ੍ਰਭੂ ਮਿਹਰ ਕਰੇ, ਤਾਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ ਅਤੇ ਆਪਣੇ ਮਨ ਅੰਦਰ ਪਰਮਾਤਮਾ ਦਾ ਅੰਮ੍ਰਿਤ ਪਾ ਲੈਂਦਾ ਹੈ। ਪ੍ਰਭੂ ਮਸਕੀਨ ਨਾਨਕ ਉਤੇ ਦਇਆਵਾਨ ਹੋ ਗਿਆ ਹੈ ਅਤੇ ਉਸ ਦੀ ਇੱਛਾ ਪ੍ਰਭੂ ਨੇ ਆਪਣੇ ਨਾਮ ਨਾਲ ਬੁਝਾ ਦਿੱਤੀ ਹੈ।
Leave a Reply