ਵੀਰਵਾਰ, ੨੧ ਹਾੜ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੩੮)
ਸੋਰਠਿ ਮਹਲਾ ੩ ਦੁਤੁਕੀ ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥ ਹਰਿ ਜੀਉ ਆਪੇ ਬਖਸਿ ਮਿਲਾਇ ॥ ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥ ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥ ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥ ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥ ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥ ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥ ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥ ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥ ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥ ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥
ਹੇ ਭਾਈ! ਗੁਣਾਂ ਤੋਂ ਸੱਖਣੇ ਜੀਵਾਂ ਨੂੰ ਸਤਿਗੁਰੂ ਦੀ ਸੇਵਾ ਵਿਚ ਲਾ ਕੇ ਪਰਮਾਤਮਾ ਆਪ ਹੀ ਬਖ਼ਸ਼ ਲੈਂਦਾ ਹੈ । ਹੇ ਭਾਈ! ਗੁਰੂ ਦੀ ਸ਼ਰਨ-ਸੇਵਾ ਬੜੀ ਸ੍ਰੇਸ਼ਟ ਹੈ, ਗੁਰੂ (ਸ਼ਰਨ ਪਏ ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿਚ ਜੋੜ ਦੇਂਦਾ ਹੈ ।੧। ਹੇ ਭਾਈ! ਅਸੀ ਜੀਵ ਗੁਣਾਂ ਤੋਂ ਸੱਖਣੇ ਹਾਂ, ਵਿਕਾਰੀ ਹਾਂ । ਪੂਰੇ ਗੁਰੂ ਨੇ (ਜਿਨ੍ਹਾਂ ਨੂੰ ਆਪਣੀ ਸੰਗਤਿ ਵਿਚ) ਰਲਾ ਲਿਆ ਹੈ, ਉਹਨਾਂ ਨੂੰ ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।ਰਹਾਉ। ਹੇ ਪਿਆਰੇ! ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਵਿਚਾਰ ਵਿਚ (ਜੋੜ ਕੇ) ਬਖ਼ਸ਼ਿਆ ਹੈ । ਹੇ ਭਾਈ! ਗੁਰੂ ਦੇ (ਸ਼ਬਦ-) ਜਹਾਜ਼ ਵਿਚ ਚਾੜ੍ਹ ਕੇ ਉਸ ਪਰਮਾਤਮਾ ਨੇ (ਅਨੇਕਾਂ ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਇਆ ਹੈ ।੨। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਾਰਸ-ਗੁਰੂ (ਆਪਣੀ ਸੰਗਤਿ ਵਿਚ) ਮਿਲਾ ਕੇ (ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ, ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ । ਹੇ ਭਾਈ! ਆਪਾ-ਭਾਵ ਤਿਆਗ ਕੇ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ । ਗੁਰੂ ਉਹਨਾਂ ਦੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾ ਦੇਂਦਾ ਹੈ ।੩। ਹੇ ਭਾਈ! ਮੈਂ ਕੁਰਬਾਨ ਜਾਂਦਾ ਹਾਂ, ਮੈਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ । ਹੇ ਭਾਈ! ਜਿਸ ਗੁਰੂ ਨੇ (ਮੈਨੂੰ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, ਉਸ ਗੁਰੂ ਦੀ ਮਤਿ ਲੈ ਕੇ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ ।੪। ਹੇ ਭਾਈ! ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖਾਂ ਨੂੰ ਜਾ ਕੇ ਪੁੱਛ ਲਵੋ, (ਇਹੀ ਉੱਤਰ ਮਿਲੇਗਾ ਕਿ) ਗੁਰੂ ਦੀ ਸ਼ਰਨ ਪੈਣ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੋ ਸਕਦੀ । (ਇਸ ਵਾਸਤੇ,) ਹੇ ਭਾਈ! ਤੂੰ ਭੀ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ ।੫। ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਮਨੁੱਖ ਦੇ ਅੰਦਰ ਪਰਮਾਤਮਾ ਵਾਸਤੇ) ਡਰ-ਅਦਬ ਪੈਦਾ ਹੁੰਦਾ ਹੈ । (ਆਪਣੇ ਅੰਦਰ) ਡਰ-ਅਦਬ (ਪੈਦਾ ਕਰਨਾ ਹੀ) ਕਰਨ-ਜੋਗ ਕੰਮ ਹੈ, ਇਹ ਕੰਮ ਸਦਾ-ਥਿਰ ਰਹਿਣ ਵਾਲਾ ਹੈ, ਇਹੀ ਕੰਮ (ਸਭ ਤੋਂ) ਸ੍ਰੇਸ਼ਟ ਹੈ । ਹੇ ਭਾਈ! (ਇਸ ਡਰ-ਅਦਬ ਦੀ ਬਰਕਤਿ ਨਾਲ) ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲੱਭ ਪੈਂਦਾ ਹੈ, ਪਰਮਾਤਮਾ ਦਾ ਸਦਾ-ਥਿਰ ਨਾਮ (ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ।੬। ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ । (ਇਸ ਤਰ੍ਹਾਂ) ਮੈਂ ਆਪਣਾ ਜੀਵਨ ਸੋਹਣਾ ਬਣਾ ਰਿਹਾ ਹਾਂ, ਮੈਂ ਆਪਣੇ ਸਾਰੇ ਖ਼ਾਨਦਾਨ ਵਾਸਤੇ ਭੀ ਪਰਮਾਤਮਾ ਦੀ ਬਖ਼ਸ਼ਸ਼ ਪ੍ਰਾਪਤ ਕਰ ਰਿਹਾ ਹਾਂ ।੭। ਹੇ ਭਾਈ! ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰਿ-ਨਾਮ (ਹਿਰਦੇ ਵਿਚ ਆ ਵੱਸਦਾ) ਹੈ, ਸਿਫ਼ਤਿ-ਸਾਲਾਹ ਦੀ ਬਾਣੀ (ਹਿਰਦੇ ਵਿਚ ਆ ਵੱਸਦੀ) ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ । ਹੇ ਨਾਨਕ! (ਆਖ—) ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਔਕੜ ਨਹੀਂ ਵਾਪਰਦੀ ।੮।੨।
Leave a Reply