HUKAMNAMA 04 JUNE, 2024 | SIKH SIKHI SIKHISM

ਮੰਗਲਵਾਰ, ੨੨ ਜੇਠ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੪੯)

ਸਲੋਕੁ ਮ: ੩ ॥
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ ਮ:੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ ਪਉੜੀ ॥ ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈ; ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ। ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕ! ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁਆਂ ਜੁਗਾਂ ਵਿਚ ਭਾਵ, ਸਦਾ ਸੁਖ ਪਾਉਂਦਾ ਹੈ।੧। ਜਵਾਨ ਹੋਵੇ ਭਾਵੇਂ ਬੁੱਢਾ ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ; ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ। ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ ੳਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।੨। ਜੋ ਸਿੱਖ ਸਤਿਗੁਰੂ ਦੇ ਸਨਮੁਖ ਹਨ, ਮੈਂ ਉਹਨਾਂ ਤੋਂ ਸਦਕੇ ਹਾਂ। ਜੋ ਹਰੀ-ਨਾਮ ਸਿਮਰਦੇ ਹਨ, ਜ਼ੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ, ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ-ਜਸ ਮਨ ਵਿਚ ਉੱਕਰ ਲਵਾਂ, ਪ੍ਰੇਮ ਨਾਲ ਹਰੀ-ਨਾਮ ਦੀ ਸਿਫ਼ਤਿ ਕਰਾਂ ਤੇ ਆਪਣੇ ਸਾਰੇ ਪਾਪ ਕੱਟ ਦਿਆਂ। ਉਹ ਸਰੀਰ-ਥਾਂ ਧੰਨ ਹੈ, ਸੁੰਦਰ ਹੈ ਜਿਥੇ ਪਿਆਰਾ ਸਤਿਗੁਰੂ ਪੈਰ ਰੱਖਦਾ ਹੈ ਭਾਵ, ਆ ਵੱਸਦਾ ਹੈ।੧੯।

Leave a Reply

Your email address will not be published. Required fields are marked *