HUKAMNAMA 11 JUNE, 2024 | SIKH SIKHI SIKHISM

ਮੰਗਲਵਾਰ, ੨੯ ਜੇਠ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੫੬੦)

ਵਡਹੰਸੁ ਮਹਲਾ ੩ ॥

ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਨਕ ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥

(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ) ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ । ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤਿ੍ਰਸ਼ਨਾ ਵਲੋਂ) ਰੱਜ ਜਾਂਦਾ ਹੈ ।੧। ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਸ ਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ, ਤੇ, ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ ।੧।ਰਹਾਉ। (ਹੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ, (ਅੰਦਰੋਂ) ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤਿ੍ਰਸ਼ਨਾ ਵਲੋਂ) ਰੱਜ ਜਾਂਦਾ ਹੈ ।੨। (ਹੇ ਭਾਈ! ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ, (ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ।੩। ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤਿ ਜਾਗਦੀ ਹੈ ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ (ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ।੪।੭।

Leave a Reply

Your email address will not be published. Required fields are marked *