HUKAMNAMA 21 MARCH, 2024 | SIKH SIKHI SIKHISM

ਬਿਲਾਵਲੁ ਮਹਲਾ ੫ ॥

ਵੀਰਵਾਰ, ੮ ਚੇਤ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੮੨੧)

ਬਿਲਾਵਲੁ ਮਹਲਾ ੫ ॥

ਰਾਖਿ ਲੀਏ ਅਪਨੇ ਜਨ ਆਪ ॥ ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥ ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥ ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥ ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥

ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਹੀ ਰੱਖਿਆ ਕੀਤੀ ਹੈ । ਮੇਹਰ ਕਰ ਕੇ (ਆਪਣੇ ਸੇਵਕਾਂ ਨੂੰ) ਆਪਣੇ ਨਾਮ ਦੀ ਦਾਤਿ ਦੇਂਦਾ ਆਇਆ ਹੈ (ਜਿਨ੍ਹਾਂ ਨੂੰ ਨਾਮ ਦੀ ਦਾਤਿ ਬਖ਼ਸ਼ਦਾ ਹੈ ਉਹਨਾਂ ਦੇ) ਸਾਰੇ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਨਾਸ ਹੋ ਜਾਂਦੇ ਹਨ ।੧।ਰਹਾਉ। ਹੇ ਸੰਤ ਜਨੋ! ਸਾਰੇ (ਰਲ ਕੇ) ਪ੍ਰਭੂ ਦੇ ਗੁਣ ਗਾਂਦੇ ਰਿਹਾ ਕਰੋ, ਜੀਭ ਨਾਲ ਸੋਹਣੇ ਰਾਗਾਂ ਦੀ ਰਾਹੀਂ ਉਸ ਦੇ ਗੁਣਾਂ ਦਾ ਉਚਾਰਣ ਕਰਦੇ ਰਿਹਾ ਕਰੋ । (ਜੇਹੜੇ ਮਨੁੱਖ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਹਨਾਂ ਦੀ) ਕੋ੍ਰੜਾਂ ਜਨਮਾਂ ਦੀ (ਮਾਇਆ ਦੀ) ਤਿ੍ਰਸ਼ਨਾ ਦੂਰ ਹੋ ਜਾਂਦੀ ਹੈ, ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਦੀ ਬਰਕਤਿ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ।੧। ਹੇ ਭਾਈ! ਜੇਹੜੇ ਮਨੁੱਖ ਸੁਖਾਂ ਦੇ ਦੇਣ ਵਾਲੇ ਪ੍ਰਭੂ ਦੇ ਚਰਨ ਫੜੀ ਰੱਖਦੇ ਹਨ, ਸੁਖਦਾਤੇ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦੇ ਨਾਮ ਦਾ ਜਾਪ ਜਪਦੇ ਰਹਿੰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਉਹਨਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ । ਹੇ ਨਾਨਕ! ਆਖ — ਇਹ ਸਾਰੀ ਵਡਿਆਈ ਮਾਲਕ-ਪ੍ਰਭੂ ਦੀ ਹੀ ਹੈ ।੨।੫।੮੫।

Leave a Reply

Your email address will not be published. Required fields are marked *