ਬੁੱਧਵਾਰ, ੧੩ ਹਾੜ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੯੪)
ਰਾਮਕਲੀ ਮਹਲਾ ੫ ॥
ਰਾਖਨਹਾਰ ਦਇਆਲ ॥ ਕੋਟਿ ਭਵ ਖੰਡੇ ਨਿਮਖ ਖਿਆਲ ॥ ਸਗਲ ਅਰਾਧਹਿ ਜੰਤ ॥ ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਪੂਰਨ ਪਰਮੇਸਰੁ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ ਤਾ ਕੀ ਗਹੀ ਮਨ ਓਟ ॥ ਬੰਧਨ ਤੇ ਹੋਈ ਛੋਟ ॥ ਹਿਰਦੈ ਜਪਿ ਪਰਮਾਨੰਦ ॥ ਮਨ ਮਾਹਿ ਭਏ ਅਨੰਦ ॥੨॥ ਤਾਰਣ ਤਰਣ ਹਰਿ ਸਰਣ ॥ ਜੀਵਨ ਰੂਪ ਹਰਿ ਚਰਣ ॥ ਸੰਤਨ ਕੇ ਪ੍ਰਾਣ ਅਧਾਰ ॥ ਊਚੇ ਤੇ ਊਚ ਅਪਾਰ ॥੩॥ ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ ਕਰਿ ਕਿਰਪਾ ਜਿਸੁ ਆਪੇ ਦੀਜੈ ॥ ਸੂਖ ਸਹਜ ਆਨੰਦ ਹਰਿ ਨਾਉ ॥ ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥
ਹੇ ਭਾਈ! ਪਰਮਾਤਮਾ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਹੈ, ਦਇਆ ਦਾ ਸੋਮਾ ਹੈ । ਜੇ ਅੱਖ ਫਰਕਣ ਜਿਤਨੇ ਸਮੇ ਵਾਸਤੇ ਭੀ ਉਸ ਦਾ ਧਿਆਨ ਧਰੀਏ, ਤਾਂ ਕੋ੍ਰੜਾਂ ਜਨਮ ਦੇ ਗੇੜ ਕੱਟੇ ਜਾਂਦੇ ਹਨ । ਸਾਰੇ ਜੀਵ ਉਸੇ ਦਾ ਆਰਾਧਨ ਕਰਦੇ ਹਨ । ਹੇ ਭਾਈ! ਗੁਰੂ ਨੂੰ ਮਿਲ ਕੇ, ਗੁਰੂ ਦਾ ਉਪਦੇਸ਼ ਲੈ ਕੇ ਉਸ ਪ੍ਰਭੂ ਨੂੰ ਮਿਲ ਸਕੀਦਾ ਹੈ ।੧। ਹੇ ਭਾਈ! ਮੇਰਾ ਪ੍ਰਭੂ ਸਭ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ । ਉਹ ਮੇਰਾ ਮਾਲਕ ਪਰਮੇਸਰ ਪ੍ਰਭੂ ਸਭ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਰਮਿਆ ਹੋਇਆ ਹੈ ।੧।ਰਹਾਉ। ਹੇ ਮਨ! ਜਿਸ ਮਨੁੱਖ ਨੇ ਉਸ ਪਰਮਾਤਮਾ ਦਾ ਆਸਰਾ ਲੈ ਲਿਆ, (ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਉਸ ਦੀ ਖ਼ਲਾਸੀ ਹੋ ਗਈ । ਸਭ ਤੋਂ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹਿਰਦੇ ਵਿਚ ਜਪ ਕੇ ਮਨ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ ।੨। ਹੇ ਭਾਈ! ਪਰਮਾਤਮਾ ਦਾ ਆਸਰਾ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ । ਪ੍ਰਭੂ ਦੇ ਚਰਨਾਂ ਦੀ ਓਟ ਆਤਮਕ ਜੀਵਨ ਦੇਣ ਵਾਲੀ ਹੈ । ਪਰਮਾਤਮਾ ਸੰਤ ਜਨਾਂ ਦੀ ਜਿੰਦ ਦਾ ਆਸਰਾ ਹੈ, ਉਹ ਸਭਨਾਂ ਤੋਂ ਉੱਚਾ ਤੇ ਬੇਅੰਤ ਹੈ ।੩। ਹੇ ਭਾਈ! ਉਹ ਮਤਿ ਗ੍ਰਹਿਣ ਕਰ, ਜਿਸ ਦੀ ਰਾਹੀਂ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ, (ਪਰ ਉਹੀ ਮਨੁੱਖ ਅਜਿਹੀ ਮਤਿ ਗ੍ਰਹਿਣ ਕਰਦਾ ਹੈ) ਜਿਸ ਨੂੰ ਪ੍ਰਭੂ ਕਿਰਪਾ ਕਰ ਕੇ ਆਪ ਹੀ ਦੇਂਦਾ ਹੈ । ਪਰਮਾਤਮਾ ਦਾ ਨਾਮ ਸੁਖ ਆਤਮਕ ਅਡੋਲਤਾ ਤੇ ਆਨੰਦ (ਦਾ ਸੋਮਾ ਹੈ) । ਹੇ ਨਾਨਕ! (ਜਿਸ ਨੇ) ਇਹ ਨਾਮ (ਜਪਿਆ ਹੈ) ਗੁਰੂ ਨੂੰ ਮਿਲ ਕੇ ਹੀ ਜਪਿਆ ਹੈ ।੪।੨੭।੩੮।
Leave a Reply