ਮੰਗਲਵਾਰ, ੧੨ ਭਾਦੋਂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੨੩)
ਬਿਲਾਵਲੁ ਮਹਲਾ ੫ ॥
ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥
(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ । (ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ) । ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ ।੧।ਰਹਾਉ। ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ—(ਇਹ ਹਨ ਜੀਵਾਂ ਦੀਆਂ ਕਰਤੂਤਾਂ) । ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (—ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ । ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ।੧। ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ) । ਹੇ ਨਾਨਕ! ਆਖ—ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ।੨।੧੦।੯੬।
Leave a Reply