HUKAMNAMA 06 MAY, 2024 | SIKH SIKHI SIKHISM

ਸੋਮਵਾਰ, ੨੪ ਵੈਸਾਖ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੮੪)

ਧਨਾਸਰੀ ਮਹਲਾ ੫ ॥

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥

ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤਿ੍ਰਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ ।੧। ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ ।੧।ਰਹਾਉ। ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩। ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ ।੪।੨।੫੬।

Leave a Reply

Your email address will not be published. Required fields are marked *