ਮੰਗਲਵਾਰ, ੨੫ ਵੈਸਾਖ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੯੦੪)
ਰਾਮਕਲੀ ਮਹਲਾ ੧ ॥
ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥ ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ ॥ ਗੁਰਮਤਿ ਹੋਇ ਤ ਹੁਕਮੁ ਪਛਾਣੈ ॥੧॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥ ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥ ਗਣਿ ਗਣਿ ਜੋਤਕੁ ਕਾਂਡੀ ਕੀਨੀ ॥ ਪੜੈ ਸੁਣਾਵੈ ਤਤੁ ਨ ਚੀਨੀ ॥ ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥੨॥ ਨਾਵਹਿ ਧੋਵਹਿ ਪੂਜਹਿ ਸੈਲਾ ॥ ਬਿਨੁ ਹਰਿ ਰਾਤੇ ਮੈਲੋ ਮੈਲਾ ॥ ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥ ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥੩॥ ਵਾਚੈ ਵਾਦੁ ਨ ਬੇਦੁ ਬੀਚਾਰੈ ॥ ਆਪਿ ਡੁਬੈ ਕਿਉ ਪਿਤਰਾ ਤਾਰੈ ॥ ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥ ਸਤਿਗੁਰੁ ਮਿਲੈ ਤ ਸੋਝੀ ਹੋਇ ॥੪॥ ਗਣਤ ਗਣੀਐ ਸਹਸਾ ਦੁਖੁ ਜੀਐ ॥ ਗੁਰ ਕੀ ਸਰਣਿ ਪਵੈ ਸੁਖੁ ਥੀਐ ॥ ਕਰਿ ਅਪਰਾਧ ਸਰਣਿ ਹਮ ਆਇਆ ॥ ਗੁਰ ਹਰਿ ਭੇਟੇ ਪੁਰਬਿ ਕਮਾਇਆ ॥੫॥ ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥ ਭਰਮਿ ਭੁਲਾਈਐ ਜਨਮਿ ਮਰਿ ਆਈਐ ॥ ਜਮ ਦਰਿ ਬਾਧਉ ਮਰੈ ਬਿਕਾਰੁ ॥ ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥੬॥ ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥ ਦੁਬਿਧਾ ਰਾਤੇ ਮਹਲੁ ਨ ਪਾਵਹਿ ॥ ਜਿਸੁ ਗੁਰ ਪਰਸਾਦੀ ਨਾਮੁ ਅਧਾਰੁ ॥ ਕੋਟਿ ਮਧੇ ਕੋ ਜਨੁ ਆਪਾਰੁ ॥੭॥ ਏਕੁ ਬੁਰਾ ਭਲਾ ਸਚੁ ਏਕੈ ॥ ਬੂਝੁ ਗਿਆਨੀ ਸਤਗੁਰ ਕੀ ਟੇਕੈ ॥ ਗੁਰਮੁਖਿ ਵਿਰਲੀ ਏਕੋ ਜਾਣਿਆ ॥ ਆਵਣੁ ਜਾਣਾ ਮੇਟਿ ਸਮਾਣਿਆ ॥੮॥ ਜਿਨ ਕੈ ਹਿਰਦੈ ਏਕੰਕਾਰੁ ॥ ਸਰਬ ਗੁਣੀ ਸਾਚਾ ਬੀਚਾਰੁ ॥ ਗੁਰ ਕੈ ਭਾਣੈ ਕਰਮ ਕਮਾਵੈ ॥ ਨਾਨਕ ਸਾਚੇ ਸਾਚਿ ਸਮਾਵੈ ॥੯॥੪॥
ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ । ਜਿਸ ਮਨੁੱਖ ਨੂੰ ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ) । ਜਦੋਂ ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ (ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ) ।੧। ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ ਸ਼ੁਭ ਮੁਹੂਰਤ ਲੱਭਣ ਦਾ) ਜੂਠ ਨਾਹ ਬੋਲ । ਸੱਚ ਬੋਲਣਾ ਚਾਹੀਦਾ ਹੈ । ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ।੧।ਰਹਾਉ। (ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ, (ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ ਪਛਾਣਦਾ । (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ । ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਦੀ ਕਿਸੇ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ ।੨। (ਹੇ ਪੰਡਿਤ!) ਤੂੰ (ਤੀਰਥ ਆਦਿਕ ਤੇ) ਇਸ਼ਨਾਨ ਕਰਦਾ ਹੈਂ (ਸਰੀਰ ਮਲ ਮਲ ਕੇ) ਧੋਂਦਾ ਹੈਂ, ਤੇ ਪੱਥਰ (ਦੇ ਦੇਵੀ ਦੇਵਤੇ) ਪੂਜਦਾ ਹੈਂ, ਪਰ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਣ ਤੋਂ ਬਿਨਾ (ਮਨ ਵਿਕਾਰਾਂ ਨਾਲ) ਸਦਾ ਮੈਲਾ ਰਹਿੰਦਾ ਹੈ । (ਹੇ ਪੰਡਿਤ!) ਜਿੰਦ ਨੂੰ ਵਿਕਾਰਾਂ ਤੋਂ ਖ਼ਲਾਸੀ ਦਿਵਾਣ ਵਾਲੇ ਤੇ ਜੀਵਨ ਸਫਲਾ ਕਰਨ ਵਾਲੇ ਪਰਮਾਤਮਾ ਦਾ ਨਾਮ ਜਪ, (ਨਾਮ ਜਪ ਕੇ) ਅਹੰਕਾਰ ਦੂਰ ਕੀਤਿਆਂ (ਜੀਵਨ ਰਥ ਦਾ) ਰਥਵਾਹੀ ਪ੍ਰਭੂ ਮਿਲ ਪੈਂਦਾ ਹੈ ।੩। (ਪੰਡਿਤ) ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਜੀਵਨ ਦੀ ਅਗਵਾਈ ਵਾਸਤੇ) ਨਹੀਂ ਵਿਚਾਰਦਾ, (ਅਰਥ ਤੇ ਕਰਮ ਕਾਂਡ ਆਦਿਕ ਦੀ) ਬਹਿਸ ਨੂੰ ਹੀ ਪੜ੍ਹਦਾ ਹੈ (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਵਿਚ ਡੁੱਬਾ ਰਹਿੰਦਾ ਹੈ), ਜੇਹੜਾ ਮਨੁੱਖ ਆਪ ਡੁੱਬਿਆ ਰਹੇ ਉਹ ਆਪਣੇ (ਬੀਤ ਚੁਕੇ) ਬਜ਼ੁਰਗਾਂ ਨੂੰ (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘਾ ਸਕਦਾ ਹੈ? ਕੋਈ ਵਿਰਲਾ ਮਨੁੱਖ ਪਛਾਣਦਾ ਹੈ ਕਿ ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ । ਜਿਸ ਮਨੁੱਖ ਨੂੰ ਗੁਰੂ ਮਿਲ ਪਏ, ਉਸ ਨੂੰ ਇਹ ਸਮਝ ਆਉਂਦੀ ਹੈ ।੪। ਜਿਉਂ ਜਿਉਂ ਸ਼ੁਭ ਅਸ਼ੁਭ ਮੁਹੂਰਤਾਂ ਦੇ ਲੇਖੇ ਗਿਣਦੇ ਰਹੀਏ ਤਿਉਂ ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਾ ਰਹਿੰਦਾ ਹੈ । ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ ਇਸ ਨੂੰ ਆਤਮਕ ਆਨੰਦ ਮਿਲਦਾ ਹੈ । ਪਾਪ ਅਪਰਾਧ ਕਰ ਕੇ ਭੀ ਜਦੋਂ ਅਸੀ ਪਰਮਾਤਮਾ ਦੀ ਸਰਨ ਆਉਂਦੇ ਹਾਂ, ਤਾਂ ਪਰਮਾਤਮਾ ਸਾਡੇ ਪੂਰਬਲੇ ਕਰਮਾਂ ਅਨੁਸਾਰ ਗੁਰੂ ਨੂੰ ਮਿਲਾ ਦੇਂਦਾ ਹੈ (ਤੇ ਗੁਰੂ ਸਹੀ ਜੀਵਨ-ਰਾਹ ਵਿਖਾਂਦਾ ਹੈ) ।੫। ਜਦੋਂ ਤਕ ਗੁਰੂ ਦੀ ਸਰਨ ਨਾਹ ਆਵੀਏ ਤਦ ਤਕ ਪਰਮਾਤਮਾ ਨਹੀਂ ਮਿਲਦਾ, ਭਟਕਣਾ ਵਿਚ ਕੁਰਾਹੇ ਪੈ ਕੇ ਆਤਮਕ ਮੌਤ ਸਹੇੜ ਕੇ ਮੁੜ ਮੁੜ ਜਨਮ ਵਿਚ ਆਉਂਦੇ ਰਹੀਦਾ ਹੈ । (ਗੁਰੂ ਦੀ ਸਰਨ ਤੋਂ ਬਿਨਾ ਜੀਵ) ਜਮ ਦੇ ਦਰ ਤੇ ਬੱਧਾ ਹੋਇਆ ਵਿਅਰਥ ਹੀ ਆਤਮਕ ਮੌਤੇ ਮਰਦਾ ਹੈ, ਉਸ ਦੇ ਹਿਰਦੇ ਵਿਚ ਨਾਹ ਪ੍ਰਭੂ ਦਾ ਨਾਮ ਵੱਸਦਾ ਹੈ ਨਾਹ ਗੁਰੂ ਦਾ ਸ਼ਬਦ ਵੱਸਦਾ ਹੈ, ਨਾਹ ਹੀ ਉਸ ਦਾ ਚੰਗਾ ਆਚਰਨ ਬਣਦਾ ਹੈ ।੬। ਅਨੇਕਾਂ (ਕੁਲੀਨ ਤੇ ਵਿਦਵਾਨ ਬ੍ਰਾਹਮਣ) ਆਪਣੇ ਆਪ ਨੂੰ ਪਾਂਧੇ ਪੰਡਿਤ ਮਿਸਰ ਅਖਵਾਂਦੇ ਹਨ, ਪਰ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਗ਼ਲਤਾਨ ਰਹਿੰਦੇ ਹਨ, ਪਰਮਾਤਮਾ ਦਾ ਦਰ-ਘਰ ਨਹੀਂ ਲੱਭ ਸਕਦੇ । ਕੋ੍ਰੜਾਂ ਵਿਚੋਂ ਕੋਈ ਉਹ ਬੰਦਾ ਅਦੁਤੀ ਹੈ ਜਿਸ ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਗਿਆ ਹੈ ।੭। ਹੇ ਪੰਡਿਤ! ਜੇ ਤੂੰ ਗਿਆਨਵਾਨ ਬਣਨਾ ਹੈ ਤਾਂ ਗੁਰੂ ਦਾ ਆਸਰਾ-ਪਰਨਾ ਲੈ ਕੇ ਇਹ ਗੱਲ ਸਮਝ ਲੈ ਕੇ (ਜਗਤ ਵਿਚ) ਚਾਹੇ ਕੋਈ ਭਲਾ ਹੈ ਚਾਹੇ ਬੁਰਾ ਹੈ ਹਰੇਕ ਵਿਚ ਸਦਾ-ਥਿਰ ਪ੍ਰਭੂ ਹੀ ਮੌਜੂਦ ਹੈ । ਉਹਨਾਂ ਵਿਰਲੇ ਬੰਦਿਆਂ ਨੇ ਹਰ ਥਾਂ ਇਕ ਪਰਮਾਤਮਾ ਨੂੰ ਹੀ ਵਿਆਪਕ ਸਮਝਿਆ ਹੈ ਜੇਹੜੇ ਗੁਰੂ ਦੀ ਸਰਨ ਪਏ ਹਨ । (ਗੁਰ-ਸਰਨ ਦੀ ਬਰਕਤਿ ਨਾਲ) ਉਹ ਆਪਣਾ ਜਨਮ ਮਰਨ ਮਿਟਾ ਕੇ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦੇ ਹਨ ।੮। (ਗੁਰੂ ਦੀ ਕਿਰਪਾ ਨਾਲ) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਇਕ ਪਰਮਾਤਮਾ ਵੱਸਦਾ ਹੈ, ਸਾਰੇ ਜੀਵਾਂ ਦਾ ਮਾਲਕ ਸਦਾ-ਥਿਰ ਪ੍ਰਭੂ ਉਹਨਾਂ ਦੀ ਸੁਰਤਿ ਦਾ ਸਦਾ ਨਿਸ਼ਾਨਾ ਬਣਿਆ ਰਹਿੰਦਾ ਹੈ । ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਰਜ਼ਾ ਵਿਚ ਤੁਰ ਕੇ (ਆਪਣੇ) ਸਾਰੇ ਕੰਮ ਕਰਦਾ ਹੈ (ਤੇ ਸ਼ੁਭ ਅਸ਼ੁਭ ਮੁਹੂਰਤਾਂ ਦੇ ਭਰਮ ਵਿਚ ਨਹੀਂ ਪੈਂਦਾ) ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ (ਤੇ ਉਸ ਨੂੰ ਆਤਮਕ ਤੇ ਸੰਸਾਰਕ ਪਦਾਰਥ ਉਸ ਦਰ ਤੋਂ ਮਿਲਦੇ ਰਹਿੰਦੇ ਹਨ) ।੯।੪।
Leave a Reply